ਬੇਰੁਜ਼ਗਾਰਾਂ ਵੱਲੋਂ ਪਿੰਡਾਂ ਵਿੱਚ ਕਾਂਗਰਸ ਸਰਕਾਰ ਦੇ ਮੁਕੰਮਲ ਬਾਈਕਾਟ ਦੇ ਲਾਏ ਜਾ ਰਹੇ ਪੋਸਟਰ
ਕਮਲਜੀਤ ਸਿੰਘ ਸੰਧੂ
- ਘਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਵਿਰੁੱਧ ਬੇਰੁਜ਼ਗਾਰਾਂ ਨੇ ਮੁਹਿੰਮ ਕੀਤੀ ਹੋਰ ਤੇਜ਼
- ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਬਾਈਕਾਟ ਦੇ ਪੋਸਟਰ ਘਰਾਂ ਅੱਗੇ ਲਗਾਉਣ ਦੀ ਮੁਹਿੰਮ ਕੀਤੀ ਸ਼ੁਰੂ
- ‘ਦਿਉ ਜਵਾਬ ਕੈਪਟਨ ਸਾਬ’ ਦੇ ਲੋਗੋ ਵਾਲੇ ਪੋਸਟਰ ਤਹਿਤ ਕੈਪਟਨ ਸਰਕਾਰ ਨੂੰ ਕੀਤੇ ਜਾ ਰਹੇ ਹਨ ਸਵਾਲ
- ਪੋਸਟਰ ਲਗਾ ਰਹੇ ਬੇਰੁਜ਼ਗਾਰਾਂ ਨੇ ਕਿਹਾ ਕਿ ਕੈਪਟਨ ਸਰਕਾਰ ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰਨ ਵਿੱਚ ਰਹੀ ਹੈ ਨਾਕਾਮ
- ਕਾਂਗਰਸੀ ਲੀਡਰਾਂ ਨੂੰ ਇਸ ਵਾਅਦੇ ਤਹਿਤ ਕੀਤੇ ਜਾਣਗੇ ਸਵਾਲ
ਬਰਨਾਲਾ, 15 ਜੂਨ 2021 - ਪੋਸਟਰ ਲਗਾ ਰਹੇ ਬੇਰੁਜ਼ਗਾਰਾਂ ਨੇ ਦੱਸਿਆ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਝੰਡੇ ਹੇਠ ਪੰਜਾਬ ਭਰ ਦੇ ਸਿਹਤ ਅਤੇ ਸਿੱਖਿਆ ਸਬੰਧੀ ਉਚ ਪੱਧਰੀ ਪੜ੍ਹਾਈਆਂ ਕਰ ਚੁੱਕੇ ਬੇਰੁਜ਼ਗਾਰਾਂ ਵਲੋਂ ਰੁਜ਼ਗਾਰ ਪ੍ਰਾਪਤ ਲਈ ਸੰਘਰਸ਼ ਲੜਿਆ ਜਾ ਰਿਹਾ ਹੈ ਕਿਉਂਕਿ ਘਰ ਘਰ ਨੌਕਰੀ ਦਾ ਵਾਅਦਾ ਕਰਕੇ ਕੈਪਟਨ ਸਰਕਾਰ ਸੱਤਾ ਵਿੱਚ ਆਈ ਸੀ, ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਕਿਸੇ ਨੌਜਵਾਨ ਨੂੰ ਕੈਪਟਨ ਸਰਕਾਰ ਨੇ ਕੋਈ ਨੌਕਰੀ ਨਹੀਂ ਦਿੱਤੀ। ਜਿਸ ਕਰਕੇ ਉਹਨਾਂ ਵਲੋਂ ਲਗਾਤਾਰ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਲੜਿਆ ਜਾ ਰਿਹਾ ਹੈ।
ਪਿਛਲੇ ਦਿਨੀਂ ਉਹਨਾਂ ਵਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਕੈਪਟਨ ਸਰਕਾਰ ਦੇ ਇਸ਼ਾਰਿਆਂ ’ਤੇ ਪੰਜਾਬ ਪੁਲਿਸ ਵਲੋਂ ਬੇਰੁਜ਼ਗਾਰ ਲੜਕੇ ਲੜਕੀਆਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ। ਜਿਸਦੇ ਰੋਸ ਵਜੋਂ ਹੁਣ ਉਹਨਾ ਵਲੌਂ ਇੱਕ ਪੋਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਜਿਸ ਤਹਿਤ ਪਿੰਡਾਂ ਵਿੱਚ ਕਾਂਗਰਸ ਸਰਕਾਰ ਦੇ ਮੁਕੰਮਲ ਬਾਈਕਾਟ ਦੇ ਪੋਸਟਰ ਹਰ ਘਰ ਅੱਗੇ ਲਗਾਏ ਜਾ ਰਹੇ ਹਨ ਅਤੇ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਵੋਟ ਨਾ ਦੇਣ ਦਾ ਬਾਈਕਾਟ ਕਰਨ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪੰਜਾਬ ਵਿੱਚ ਨੌਕਰੀਆਂ ਸਿਰਫ਼ ਕਾਗਜ਼ੀ ਅੰਕੜਿਆ ਵਿੱਚ ਹੀ ਦਿੱਤੀਆਂ ਗਈਆਂ ਹਨ।
ਜਦਕਿ ਅਸਲ ਵਿੱਚ ਨੌਕਰੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਦਿੱਤੀ ਗਈ ਹੈ। ਜਿਸ ਕਰਕੇ ਪੰਜਾਬ ਦੇ ਪੜੇ ਲਿਖੇ ਨੌਜਵਾਨ ਅੱਜ ਕੈਪਟਨ ਸਰਕਾਰ ਤੋਂ ਚੋਣ ਵਾਅਦੇ ਅਨੁਸਾਰ ਰੁਜ਼ਗਾਰ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਪੋਸਟਰ ਮੁਹਿੰਮ ਬਰਨਾਲਾ, ਮਾਨਸਾ, ਸੰਗਰੂਰ ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।