ਮਹਿੰਗਾਈ ਦੀ ਚੱਕੀ ‘ਚ ਪਿਸ ਰਹੀ ਜਨਤਾ ਪ੍ਰਤੀ ਕੇਂਦਰ ਦੀ ਸਰਕਾਰ ਸੰਵੇਦਨਸ਼ੀਲ ਨਹੀਂ: ਬਾਬਾ ਬਲਬੀਰ ਸਿੰਘ
- ਕਿਸਾਨਾਂ ਦੀਆਂ ਮੰਗਾਂ ਜਲਦ ਪ੍ਰਵਾਨ ਹੋਣ
ਅੰਮ੍ਰਿਤਸਰ, 15 ਜੂਨ 2021 - ਪੈਟਰੋਲ ਤੇ ਡੀਜ਼ਲ ਦੇ ਦਿਨੋ ਦਿਨ ਵੱਧ ਰਹੇ ਰੇਟਾਂ ਬਾਰੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਬਿਆਨ ਦੇਸ਼ ਵਾਸੀਆਂ ਦੇ ਹਿਤ ਵਿਚ ਨਹੀਂ ਹੈ।ਅਜਿਹੇ ਹਲਾਤਾਂ ਵਿੱਚ ਸਰਕਾਰ ਤੋਂ ਸੰਵੇਦਨਸ਼ੀਲ ਹੋਣ ਅਤੇ ਲੋਕਾਂ ਦੀ ਮਦਦ ਕਰਨ ਦੀ ਉਮੀਦ ਕੀਤੀ ਜਾਂਦੀ ਹੈ।ਪਰ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦਾ ਬਿਆਨ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲਾ ਹੈ ਕਿ ਡੀਜਲ ਪੈਟਰੋਲ ਤੋਂ ਆਬਕਾਰੀ ਟੈਕਸ ਘਟਾਇਆ ਨਹੀਂ ਜਾ ਸਕਦਾ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਵੱਧ ਰਹੀ ਮਹਿੰਗਾਈ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਦਿਨੋ ਦਿਨ ਰੀਕਾਰਡ ਤੋੜ ਵੱਧ ਰਹੀ ਮਹਿੰਗਾਈ ਆਮ ਜਨਤਾ ਦਾ ਜੀਊਣਾ ਮਹਾਲ ਕਰ ਰਹੀ ਹੈ।ਪੈਟਰੋਲੀਅਮ ਪਦਾਰਥਾਂ ਦੀਆਂ ਲਗਾਤਾਰ ਬੇਲਗਾਮ ਵੱਧ ਰਹੀਆਂ ਕੀਮਤਾਂ ਕਾਰਨ ਮਹਿੰਗਾਈ ਆਪੇ ਤੋਂ ਬਾਹਰ ਹੋ ਰਹੀ ਹੈ।ਆਮ ਲੋਕਾਂ ਲਈ ਆਪਣੀ ਰਸੋਈ ਚਲਾਉਣੀ ਵੀ ਔਖੀ ਹੋ ਗਈ ਹੈ।ਸਰਕਾਰਾਂ ਜਿਨਾਂ ਨੇ ਆਮ ਜਨਤਾ ਦੀ ਬੇਹਤਰੀ ਤੇ ਸੁਖ ਸਹੂਲਤਾਂ ਮਹੱਇਆ ਕਰਵਾਉਣੀਆਂ ਹੁੰਦੀਆਂ ਹਨ ਕੁੰਭ ਕਰਨੀ ਨੀਂਦੇ ਸੁੱਤੀਆਂ ਪਈਆਂ ਹਨ।ਸਰਕਾਰੀ ਖੇਮਿਆਂ ਵਿੱਚ ਇਸ ਬਾਰੇ ਕੋਈ ਹੱਲਚਲ ਨਹੀਂ ਹੈ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕੇਂਦਰ ਵਿਚ ਭਾਜਪਾ ਸਰਕਾਰ ਬਣਨ ਸਮੇਂ ਦੇ ਵੇਰਵੇ ਦੇਂਦਿਆਂ ਕਿਹਾ 2014 ਵਿੱਚ ਪੈਟਰੋਲ ਉਤੇ 9.48 ਰੁਪਏ ਪ੍ਰਤੀ ਲੀਟਰ ਅਤੇ ਡੀਜਲ ਉਤੇ 3.56 ਰੁਪਏ, ਆਬਕਾਰੀ ਡਿਊਟੀ ਸੀ।ਏਹੋ ਹੁਣ ਕ੍ਰਮਵਾਰ 33.90 ਅਤੇ 31.80 ਰੁਪਏ ਹੋ ਗਿਆ ਹੈ।ਉਨ੍ਹਾਂ ਹੋਰ ਕਿਹਾ ਕਿ ਅਪਰੈਲ ਮਹੀਨੇ 10.49 ਫੀਸਦੀ ਦੇ ਮੁਕਾਬਲੇ 12.94 ਫੀਸਦੀ ਤੇ ਚਲੇ ਗਿਆ ਹੈ।ਇਹ ਪਿਛਲੇ ਸਮੇਂ ਤੋਂ ਸੂਚਕ ਅੰਕ ਲਗਾਤਾਰ ਵੱਧ ਰਿਹਾ ਹੈ।ਉਨ੍ਹਾਂ ਕਿਹਾ ਕਿ ਦੁਖ ਦੀ ਗੱਲ ਹੋਰ ਵੀ ਹੈ ਕਿ ਸੂਬਾ ਸਰਕਾਰਾਂ ਨੇ ਵੈਟ ਲਗਾ ਰਖੇ ਹਨ ਵੱਧ ਰਹੀ ਮਹਿੰਗਾਈ ਹਰੇਕ ਲਈ ਚਿੰਤਾਜਨਕ ਹੈ ਪਰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਆਬਕਾਰੀ ਤੇ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੇ ਪੱਖ ਵਿੱਚ ਨਹੀਂ ਹਨ।ਸਮਾਜ ਦਾ ਹਰ ਵਰਗ ਮਹਿੰਗਾਈ ਦੀ ਚੱਕੀ ਹੇਠ ਪਿਸ ਰਿਹਾ ਹੈ।ਉਨ੍ਹਾਂ ਵੇਰਵਾ ਦੇਂਦਿਆਂ ਕਿਹਾ ਕਿ ਨੋਟਬੰਦੀ ਤੋਂ ਪਿਛੋਂ ਬੇਰੁਜ਼ਗਾਰੀ ਦੀ ਦਰ ਵੱਡੇ ਪੱਧਰ ਉਤੇ ਵੱਧਦੀ ਜਾ ਰਹੀ ਹੈ।ਕਰੋਨਾ ਕਾਰਨ 12 ਕਰੋੜ ਲੋਕਾਂ ਦੀ ਅਸਲ ਆਮਦਨ ਵਿਚ ਕਮੀ ਆਈ ਹੈ।23 ਕਰੋੜ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਚਲੇ ਗਏ ਹਨ।ਉਹ ਮਹਿੰਗਾਈ ਪ੍ਰਤੀ ਹਾਅ ਦਾ ਨਾਹਰਾ ਮਾਰਦਿਆਂ ਕਿਹਾ ਲੋਕ ਬੇਵਸ ਹੋ ਗਏ ਹਨ ਤੇ ਭੁੱਖਮਰੀ ਵਰਗੇ ਹਲਾਤ ਪੈਦਾ ਹੋ ਰਹੇ ਹਨ।
ਏਸੇ ਦੌਰਾਨ ਹੀ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਰਕਾਰ ਵਲੋਂ ਮੰਨੀਆਂ ਨਹੀਂ ਜਾ ਰਹੀਆਂ ਉਹ ਦਿੱਲੀ ਮੋਰਚਾ ਲਾਈ ਬੈਠੇ ਹਨ।ਸਰਕਾਰ ਵਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਵਰਤੋਂ ਕਿਸਾਨਾਂ ਨੂੰ ਜਬਾਨੀ ਕਲਾਮੀ ਸੰਤੁਸ਼ਟ ਕਰਨ ਦੇ ਸਾਧਨ ਵਜੋਂ ਕੀਤੀ ਜਾ ਰਹੀ ਹੈ। ਇਸ ਤਰਾਂ ਦੇ ਵਾਅਦੇ ਬਿਆਨਬਾਜ਼ੀ ਜਾਂ ਜ਼ਬਾਨੀ ਕਲਾਮੀ ਭਰੋਸਾ ਕਿਸਾਨੀ ਖੇਤੀ ਸੰਕਟ ਨੂੰ ਹੱਲ ਨਹੀਂ ਕਰ ਸਕਦੇ।ਸਰਕਾਰ ਵਲੋਂ ਸਮਰਥਨ ਮੁਲ ਜਾਰੀ ਹੈ ਤੇ ਜਾਰੀ ਰਹੇਗਾ ਤੇ ਅਸਲ ਵਿਚ ਅਮਲੀ ਤੌਰ ਤੇ ਪਹਿਰਾ ਦੇਣ ਦੀ ਲੋੜ ਹੈ ਅਤੇ ਇਹ ਢੁੱਕਵੇਂ ਕਾਨੂੰਨ ਦੀ ਮੱਦ ਵਿੱਚ ਫੈਸਲੇ ਕਰਨ ਦੀ ਲੋੜ ਹੈ ਜਿਸ ਨਾਲ ਕਿਸਾਨਾਂ ਦਾ ਭਰੋਸਾ ਬੱਝ ਸਕੇ।