ਗ੍ਰਿਫਤਾਰ ਵਿਅਕਤੀਆਂ ਦੀ ਰਿਹਾਈ ਨੂੰ ਲੈ ਕੇ ਕਿਸਾਨ ਕਰਨਗੇ 18 ਨੂੰ ਰੈਲੀ
ਸੰਜੀਵ ਜਿੰਦਲ
ਮਾਨਸਾ , 15 ਜੂਨ 2021 - ਦਿੱਲੀ ਕਿਸਾਨ ਮੋਰਚੇ ਵਿੱਚ ਗਿਣਤੀ ਵਧਾਉਣ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ 18 ਜੂਨ ਨੂੰ ਮਾਨਸਾ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅੱਜ ਪਿੰਡ ਗੁੜੱਦੀ, ਕਣਕਵਾਲ, ਭਾਦੜਾ, ਜਲਵੇੜਾ, ਗੋਬਿੰਦਪੁਰਾ, ਖੋਖਰ ਖੁਰਦ, ਦਲੇਲ ਸਿੰਘ ਵਾਲਾ 'ਚ ਭਰਮੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨਾਂ ਸਮੇਤ ਲੋਕਾਂ ਵਿਰੁੱਧ ਫੈਸਲੇ ਲਾਗੂ ਕਰ ਰਹੀ ਹੈ।
ਕਿਸਾਨਾਂ ਖ਼ਿਲਾਫ਼ ਲਿਆਂਦੇ ਤਿੰਨ ਕਾਨੂੰਨ ਵੀ ਉਸੇ ਲੜੀ ਦਾ ਹਿੱਸਾ ਹਨ। ਜਿਸ ਖ਼ਿਲਾਫ਼ ਦਿੱਲੀ ਕਿਸਾਨ ਮੋਰਚੇ ਜਾਰੀ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਅਤੇ ਕਿਰਤੀ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਲੇਖਕਾਂ, ਨਾਟਕਕਾਰਾਂ, ਕਲਾਕਾਰਾਂ ਹੋਰ ਬੁੱਧੀਜੀਵੀਆਂ ਨੂੰ ਫੜਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਜੋ ਅਤਿ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰਾਂ ਵੱਲੋਂ ਲੋਕਾਂ ਨੂੰ ਕਿਹਾ ਜਾਂਦਾ ਕਿ ਭਾਰਤ ਵਿੱਚ ਲੋਕਤੰਤਰ ਹੈ ਹਰ ਕੋਈ ਬੰਦਾ ਆਪਣੀ ਗੱਲ ਕਰ ਸਕਦਾ ਹੈ, ਪਰ ਦੂਜੇ ਪਾਸੇ ਜਬਰ ਕੀਤਾ ਜਾ ਰਿਹਾ ਹੈ । ਜਿਹੜਾ ਵੀ ਕੋਈ ਲੋਕਾਂ ਦੇ ਪੱਖ ਵਿੱਚ ਖੜ੍ਹਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਂਦਾ ਹੈ।
ਉਨਾਂ ਮੰਗ ਕੀਤੀ ਗਿ੍ਫ਼ਤਾਰ ਕੀਤੇ ਗਏ ਸਾਰੇ ਬੁੱਧੀਜੀਵੀਆਂ ਨੂੰ ਫੋਰੀ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਜਥੇਬੰਦੀ ਵੱਲੋਂ 13 ਜੂਨ ਤੋਂ ਲੈ ਕੇ 19 ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੈਡਕੁਆਰਟਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ 18 ਜੂਨ ਨੂੰ ਮਾਨਸਾ ਸ਼ਹਿਰ ਦੀ ਦਾਣਾ ਮੰਡੀ ਵਿੱਚ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਜਗਰਾਜ ਸਿੰਘ ਮਾਨਸਾ, ਟੋਨੀ ਭੈਣੀਬਾਘਾ, ਜਗਸੀਰ ਸਿੰਘ, ਭਾਨ ਸਿੰਘ ਬਰਨਾਲਾ ਆਦਿ ਹਾਜ਼ਰ ਸਨ।