ਅਮਰੀਕਾ ਵਿੱਚ ਕੋਵਿਡ ਮੌਤਾਂ ਨੇ ਛੂਹਿਆ 6 ਲੱਖ ਦਾ ਅੰਕੜਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਜੂਨ 2021 - ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਨੇ ਸੋਮਵਾਰ ਨੂੰ 6 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਦੀ ਮੁੱਢਲੀ ਸਫਲਤਾ ਨੇ ਦੇਸ਼ ਵਿੱਚ ਕੋਵਿਡ -19 ਮੌਤਾਂ ਦੀ ਗਤੀ 'ਤੇ ਬਹੁਤ ਪ੍ਰਭਾਵ ਪਾਇਆ ਹੈ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਵਿੱਚ ਮੌਤਾਂ ਦੇ ਅੰਕੜੇ ਨੂੰ 5 ਲੱਖ ਤੋਂ 6 ਲੱਖ ਹੋਣ ਲਈ 113 ਦਿਨ ਲੱਗੇ ਹਨ ਜਦਕਿ 4ਲੱਖ ਤੋਂ 5 ਲੱਖ ਤੱਕ ਦੀ ਗਿਣਤੀ ਸਿਰਫ 35 ਦਿਨਾਂ ਵਿੱਚ ਪੂਰੀ ਹੋ ਗਈ ਸੀ। ਅਮਰੀਕਾ ਵਿੱਚ ਸੱਤ ਦਿਨਾਂ ਦੀ ਕੋਵਿਡ -19 ਮੌਤਾਂ ਦੀ ਔਸਤ ਜਨਵਰੀ ਵਿੱਚ ਆਪਣੇ ਸਿਖਰ ਤੋਂ ਤਕਰੀਬਨ 90% ਘੱਟ ਗਈ ਹੈ। ਦੇਸ਼ ਵਿੱਚ ਮਈ 'ਚ ਹੋਈਆਂ 18,587 ਕੋਰੋਨਾ ਵਾਇਰਸ ਨਾਲ ਸਬੰਧਤ ਮੌਤਾਂ ਜਨਵਰੀ ਦੇ ਮੁਕਾਬਲੇ ਲੱਗਭਗ 81% ਘੱਟ ਹਨ।
ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਦੇ ਅਨੁਸਾਰ, ਅਮਰੀਕਾ ਨੇ ਹੁਣ ਤੱਕ ਤਕਰੀਬਨ 166 ਮਿਲੀਅਨ ਬਾਲਗਾਂ ਨੂੰ ਟੀਕੇ ਘੱਟੋ-ਘੱਟ ਇੱਕ ਖੁਰਾਕ ਲਗਾਈ ਹੈ, ਹਾਲਾਂਕਿ, ਟੀਕਾਕਰਨ ਦੀ ਦਰ ਅਪ੍ਰੈਲ ਦੇ ਅੱਧ ਦੇ ਤੋਂ ਘਟ ਗਈ ਹੈ। ਪਰ ਟੀਕੇ ਲੱਗਣ ਕਾਰਨ ਸੱਤ ਦਿਨਾਂ ਦਾ ਔਸਤਨ ਹਸਪਤਾਲ ਦਾਖਲਾ ਵੀ ਘੱਟ ਗਿਆ ਹੈ।
ਸੀ ਡੀ ਸੀ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਟੀਨ ਏਜ਼ਰਸ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੇ ਨਾਲ-ਨਾਲ ਵਧੇਰੇ ਅਸਾਨੀ ਨਾਲ ਫੈਲਣ ਵਾਲੇ ਵਾਇਰਸ ਦੇ ਰੂਪ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਏਜੰਸੀ ਦੀ ਰਿਪੋਰਟ ਅਨੁਸਾਰ, ਕੋਵਿਡ -19 ਦੇ ਕਾਰਨ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ ਅਪ੍ਰੈਲ ਵਿੱਚ 12 ਤੋਂ 17 ਸਾਲ ਦੀ ਉਮਰ ਦੇ ਅੱਲ੍ਹੜ ਉਮਰ ਦੇ ਬੱਚਿਆਂ ਵਿੱਚ ਵੱਧ ਗਈ ਹੈ, ਜੋ ਮਾਰਚ ਦੇ ਅੱਧ ਵਿੱਚ ਘੱਟ ਰੇਟ ਤੋਂ ਪ੍ਰਤੀ 100,000 ਲੋਕਾਂ ਵਿੱਚ 1.3 ਹੋ ਗਈ ਹੈ। ਪਰ ਕੁੱਲ ਮਿਲਾ ਕੇ ਮਾਰਚ ਤੋਂ ਰੋਜ਼ਾਨਾ ਨਵੇਂ ਕੋਵਿਡ -19 ਕੇਸਾਂ ਵਿੱਚ ਵੀ ਗਿਰਾਵਟ ਆ ਰਹੀ ਹੈ।