ਅਮਰੀਕਾ: ਪਿਛਲੇ 10 ਸਾਲਾਂ ਦੌਰਾਨ ਸੈਨਾ ਦੀਆਂ ਘੱਟੋ ਘੱਟ 1900 ਬੰਦੂਕਾਂ ਹੋਈਆਂ ਗੁੰਮ ਜਾਂ ਚੋਰੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਜੂਨ 2021 - ਅਮਰੀਕਾ ਵਿੱਚ ਐਸੋਸੀਏਟਡ ਪ੍ਰੈਸ (ਏ ਪੀ) ਦੁਆਰਾ ਕੀਤੀ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ 2010 ਦੇ ਦਹਾਕੇ ਦੌਰਾਨ ਅਮਰੀਕੀ ਸੈਨਾਵਾਂ ਦੇ ਘੱਟੋ-ਘੱਟ 1,900 ਹਥਿਆਰ ਗੁੰਮ ਜਾਂ ਚੋਰੀ ਹੋਏ ਸਨ, ਜਿਨ੍ਹਾਂ ਵਿੱਚ ਕੁੱਝ ਹਿੰਸਕ ਜੁਰਮਾਂ ਵਿੱਚ ਵਰਤੇ ਗਏ ਹਨ। ਸਰਕਾਰੀ ਰਿਕਾਰਡ ਵਿੱਚ ਆਰਮੀ, ਮਰੀਨ ਕੋਰ, ਨੇਵੀ ਅਤੇ ਏਅਰ ਫੋਰਸ ਦੇ ਪਿਸਤੌਲ, ਮਸ਼ੀਨ ਗਨ, ਸ਼ਾਟ ਗਨ ਅਤੇ ਆਟੋਮੈਟਿਕ ਅਸਾਲਟ ਰਾਈਫਲਾਂ ਆਦਿ ਅਸਲਾ ਸਪਲਾਈ ਵੇਅਰਹਾਊਸ, ਨੇਵੀ ਜੰਗੀ ਜਹਾਜ਼ਾਂ ਅਤੇ ਹੋਰ ਸਥਾਨਾਂ ਤੋਂ ਗਾਇਬ ਹੋ ਗਈਆਂ ਹਨ।
ਇਹ ਹਥਿਆਰ ਸੁਰੱਖਿਆ ਅਸਫਲਤਾਵਾਂ ਦੇ ਕਾਰਨ ਗੁੰਮ ਹੋਏ ਹਨ ਜਿੰਨਾਂ ਦੀ ਹੁਣ ਤੱਕ ਜਨਤਕ ਤੌਰ ਤੇ ਕੋਈ ਖਬਰ ਨਹੀਂ ਆਈ ਹੈ। ਰਿਪੋਰਟ ਅਨੁਸਾਰ ਇੱਕ ਕੇਸ ਵਿੱਚ, ਅਧਿਕਾਰੀਆਂ ਨੇ ਫੋਰਟ ਬ੍ਰੈਗ, ਨੌਰਥ ਕੈਰੋਲਿਨਾ ਤੋਂ ਚੋਰੀ ਕੀਤੇ ਇੱਕ ਆਰਮੀ ਪਿਸਤੌਲ ਨੂੰ ਇਸ ਦੇ ਬਰਾਮਦ ਹੋਣ ਤੋਂ ਪਹਿਲਾਂ ਨਿਊਯਾਰਕ ਵਿੱਚ ਚਾਰ ਵਾਰ ਹੋਈ ਗੋਲੀਬਾਰੀ ਵਿੱਚ ਵਰਤਿਆ ਗਿਆ ਹੈ ਅਤੇ ਬੋਸਟਨ ਸਟ੍ਰੀਟ ਦੀ ਇੱਕ ਰੋਬਰੀ ਵਿੱਚ ਵੀ ਇੱਕ ਹੋਰ ਚੋਰੀ ਹੋਈ ਆਰਮੀ ਪਿਸਤੌਲ ਵਰਤੀ ਗਈ ਸੀ। ਫੌਜੀ ਹਥਿਆਰਾਂ ਦੀ ਚੋਰੀ ਵਿਸ਼ਵਵਿਆਪੀ ਪੱਧਰ 'ਤੇ ਫੈਲੀ ਹੈ। ਅਫਗਾਨਿਸਤਾਨ ਵਿੱਚ, ਕਿਸੇ ਨੇ ਇੱਕ ਆਰਮੀ ਕੰਟੇਨਰ 'ਚ ਪੈਡਲੌਕ ਕੱਟ ਕੇ 65 ਬੇਰੇਟਾ ਐਮ 9 ਚੋਰੀ ਕਰ ਲਿਆ ਸੀ।
ਇੰਨਾ ਹੀ ਨਹੀਂ ਫੌਜੀ ਵਿਸਫੋਟਕ ਹਥਿਆਰ ਵੀ ਚੋਰੀ ਕੀਤੇ ਗਏ ਸਨ, ਜਿਸ ਵਿੱਚ ਗ੍ਰਨੇਡ ਵੀ ਸ਼ਾਮਲ ਸਨ ,ਜੋ ਕਿ ਐਟਲਾਂਟਾ ਦੀ ਇੱਕ ਜਾਇਦਾਦ ਦੇ ਵਿਹੜੇ ਵਿੱਚ ਮਿਲੇ ਸਨ। ਉਸ ਘਟਨਾ ਦੇ ਨਾਲ ਹੋਰ ਬਹੁਤ ਮਾਮਲਿਆਂ ਵਿੱਚ ਫੌਜੀ ਜਾਂਚਕਰਤਾਵਾਂ ਨੇ ਜ਼ਿੰਮੇਵਾਰ ਵਿਅਕਤੀਆਂ ਨੂੰ ਲੱਭਣ ਤੋਂ ਬਿਨਾਂ ਹੀ ਕੇਸ ਬੰਦ ਕਰ ਦਿੱਤੇ ਹਨ। ਪੈਂਟਾਗਨ ਚੋਰੀ ਕੀਤੇ ਹਥਿਆਰਾਂ ਬਾਰੇ ਸਾਲਾਨਾ ਅਪਡੇਟ ਕਾਂਗਰਸ ਨਾਲ ਸਾਂਝਾ ਕਰਦਾ ਸੀ, ਪਰ ਇਹ ਜ਼ਰੂਰਤ ਕਈ ਸਾਲ ਪਹਿਲਾਂ ਖ਼ਤਮ ਹੋ ਗਈ ਸੀ। ਆਰਮੀ ਅਤੇ ਹਵਾਈ ਸੈਨਾ ਏ ਪੀ ਨੂੰ ਸਾਲ 2010 ਤੋਂ 2019 ਦੇ ਦੌਰਾਨ ਕਿੰਨੇ ਹਥਿਆਰ ਗੁੰਮ ਗਏ ਜਾਂ ਚੋਰੀ ਹੋਏ ਦੀ ਰਿਪੋਰਟ ਦੇਣ ਦੇ ਅਸਮਰੱਥ ਸਨ ,ਇਸ ਲਈ ਏ ਪੀ ਨੇ ਇਹਨਾਂ ਰਿਕਾਰਡਾਂ ਦੀ ਸਮੀਖਿਆ ਕਰਕੇ ਆਪਣਾ ਖੁਦ ਦਾ ਡਾਟਾਬੇਸ ਬਣਾਇਆ , ਜਿਸ ਵਿੱਚ ਸੈਂਕੜੇ ਫੌਜੀ ਅਪਰਾਧਿਕ ਕੇਸ ਫਾਈਲਾਂ ਅਤੇ ਛੋਟੇ ਹਥਿਆਰਾਂ ਦੀਆਂ ਰਜਿਸਟਰੀਆਂ ਦੇ ਅੰਕੜਿਆਂ ਦੇ ਨਾਲ-ਨਾਲ ਅੰਦਰੂਨੀ ਫੌਜੀ ਜਾਂਚ ਵੀ ਸ਼ਾਮਲ ਹੈ।