ਅਮਰੀਕਾ: ਮਾਸਕ ਪਹਿਨਣ ਲਈ ਹੋਏ ਝਗੜੇ 'ਚ ਹੋਈ ਕੈਸ਼ੀਅਰ ਦੀ ਜਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਜੂਨ 2021 - ਜਾਰਜੀਆ ਦੇ ਇੱਕ ਸਟੋਰ ਵਿੱਚ ਮਾਸਕ ਪਹਿਨਣ ਲਈ ਹੋਏ ਝਗੜੇ ਦੌਰਾਨ ਚੱਲੀ ਗੋਲੀ ਵਿੱਚ ਸਟੋਰ ਦੇ ਕੈਸ਼ੀਅਰ ਦੀ ਮੌਤ ਹੋ ਗਈ ਹੈ। ਇਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਜਾਰਜੀਆ ਦੇ ਇੱਕ ਸਟੋਰ ਵਿੱਚ ਕੋਵਿਡ -19 ਦੀ ਮਾਸਕ ਨੀਤੀ ਨੂੰ ਲੈ ਕੇ ਇੱਕ ਬਹਿਸ ਤੋਂ ਬਾਅਦ ਗੋਲੀ ਚੱਲਣ ਕਾਰਨ ਇੱਕ ਮੌਤ ਹੋਣ ਦੇ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ ।
ਇਹ ਘਟਨਾ ਡੇਕਲੈਬ ਕਾਉਂਟੀ ਦੇ ਕੈਂਡਲਰ ਰੋਡ ਦੇ ਨੇੜੇ ਬਿਗ ਬੀਅਰ ਸਟੋਰ 'ਤੇ ਦੁਪਹਿਰ 1:10 ਵਜੇ ਵਾਪਰੀ। ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਅਨੁਸਾਰ ਜਾਰਜੀਆ ਦੇ ਪਲਮੇਟੋ ਨਾਲ ਸਬੰਧਿਤ ਇੱਕ 30 ਸਾਲਾਂ ਵਿਅਕਤੀ ਵਿਕਟਰ ਲੀ ਟਕਰ ਜੂਨੀਅਰ, ਸਟੋਰ ਵਿੱਚ ਦਾਖਲ ਹੋਇਆ ਸੀ ਅਤੇ ਉਸਦਾ ਇੱਕ ਕੈਸ਼ੀਅਰ ਨਾਲ ਚਿਹਰੇ ਦਾ ਮਾਸਕ ਪਾਉਣ ਨੂੰ ਲੈ ਕੇ ਝਗੜਾ ਹੋਇਆ।
ਇਸ ਦੌਰਾਨ ਟਕਰ ਆਪਣੀ ਖਰੀਦਦਾਰੀ ਕੀਤੇ ਬਿਨਾਂ ਸਟੋਰ ਛੱਡ ਗਿਆ, ਪਰ ਦੁਬਾਰਾ ਫਿਰ ਅੰਦਰ ਆਕੇ ਇੱਕ ਹੈਂਡਗਨ ਨਾਲ ਕੈਸ਼ੀਅਰ ਨੂੰ ਗੋਲੀ ਮਾਰ ਦਿੱਤੀ। ਇਸੇ ਦੌਰਾਨ ਸਟੋਰ ਵਿੱਚ ਮੌਜੂਦ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਆਪਣੀ ਗੰਨ ਨਾਲ ਟਕਰ 'ਤੇ ਗੋਲੀ ਚਲਾਈ ਜਿਸ ਨਾਲ ਉਹ ਜਖਮੀ ਹੋ ਗਿਆ ਪਰ ਉਸਨੇ ਅਧਿਕਾਰੀ 'ਤੇ ਵੀ ਗੋਲੀ ਚਲਾਈ ਅਤੇ ਉਸਨੂੰ ਮਾਰਿਆ। ਇਸ ਹਮਲੇ ਵਿੱਚ ਪੀੜਤ ਕੈਸ਼ੀਅਰ ਨੂੰ ਗ੍ਰੈਡੀ ਮੈਮੋਰੀਅਲ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਡਿਪਟੀ ਨੂੰ ਵੀ ਐਟਲਾਂਟਾ ਮੈਡੀਕਲ ਸੈਂਟਰ ਲਿਜਾਇਆ ਗਿਆ । ਟਕਰ, ਜਿਸਨੂੰ ਅਧਿਕਾਰੀਆਂ ਨੇ ਸਟੋਰ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੌਰਾਨ ਗ੍ਰਿਫਤਾਰ ਕਰ ਲਿਆ ਸੀ, ਨੂੰ ਵੀ ਗ੍ਰੈਡੀ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਅਨੁਸਾਰ ਟਕਰ ਉੱਤੇ ਦੋਸ਼ ਲਗਾਉਣੇ ਅਜੇ ਪੈਂਡਿੰਗ ਹਨ।