ਅਮਰੀਕਾ: ਬੀਚ 'ਤੇ ਬਰਾਮਦ ਹੋਈ 1.2 ਮਿਲੀਅਨ ਡਾਲਰ ਕੀਮਤ ਦੀ ਕੋਕੀਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਜੂਨ 2021 - ਅਮਰੀਕੀ ਪੁਲਾੜ ਫੋਰਸ ਦੇ ਅਨੁਸਾਰ ਪਿਛਲੇ ਮਹੀਨੇ ਫਲੋਰਿਡਾ ਦੇ ਕੇਪ ਕੈਨੈਵਰਲ ਪੁਲਾੜ ਸਟੇਸ਼ਨ ਦੇ ਸਮੁੰਦਰੀ ਕੰਢੇ 'ਤੇ 1 ਮਿਲੀਅਨ ਡਾਲਰ ਤੋਂ ਜਿਆਦਾ ਦੀ ਕੀਮਤ ਵਾਲੀ ਤਕਰੀਬਨ 30 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ੀਲੀ ਦਵਾਈ 19 ਮਈ ਨੂੰ ਸਿਵਲ ਇੰਜੀਨੀਅਰ ਅਤੇ ਵਾਈਲਡ ਲਾਈਫ ਮੈਨੇਜਰ, ਐਂਜੀ ਚੈਂਬਰਜ਼ ਦੁਆਰਾ ਲੱਭੀ ਗਈ ਸੀ, ਜਿਸ ਨੇ ਕੱਛੂਕੁੰਮਿਆਂ ਦੇ ਆਲ੍ਹਣੇ ਲਈ ਇੱਕ ਸਰਵੇਖਣ ਕਰਦੇ ਹੋਏ ਨੇ ਸਮੁੰਦਰੀ ਕੰਢੇ 'ਤੇ ਕੋਕੀਨ ਦੇ ਪੈਕੇਜਾਂ ਨੂੰ ਦੇਖਿਆ ਸੀ। ਬ੍ਰੈਵਰਡ ਕਾਉਂਟੀ ਦੇ ਪੁਲਿਸ ਵਿਭਾਗ ਅਨੁਸਾਰ, ਇਹਨਾਂ ਨਸ਼ੀਲੇ ਪਦਾਰਥਾਂ ਦੇ 24 ਪੈਕੇਜਾਂ ਦੀ ਅਨੁਮਾਨਤ ਕੀਮਤ 1.2 ਮਿਲੀਅਨ ਡਾਲਰ ਹੈ।
ਚੈਂਬਰਜ਼, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਇਹ ਪੈਕਟ ਦੇਖਣ ਤੋਂ ਬਾਅਦ ਤੁਰੰਤ ਪੁਲਾੜ ਫੋਰਸ ਨਾਲ ਨਾਲ ਸੰਪਰਕ ਕੀਤਾ। ਫੋਰਸ ਦੁਆਰਾ ਪੈਕਟ ਬਰਾਮਦ ਕਰਨ ਦੇ ਬਾਅਦ ਸਮੁੰਦਰੀ ਕੰਢੇ ਨੂੰ ਬੰਦ ਕਰਕੇ ਕਾਉਂਟੀ ਸ਼ੈਰਿਫ ਦੇ ਦਫਤਰ ਨਾਲ ਸੰਪਰਕ ਕੀਤਾ, ਜਿਸ ਉਪਰੰਤ ਨਾਰਕੋਟਿਕਸ ਵਿਭਾਗ ਨੇ ਪੈਕਟਾਂ ਦੀ ਜਾਂਚ ਕਰਦਿਆਂ ਕੋਕੀਨ ਵਜੋਂ ਇਸਦੀ ਪੁਸ਼ਟੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਨਸ਼ਿਆਂ ਨੂੰ ਹੋਮਲੈਂਡ ਸਕਿਓਰਟੀ ਇਨਵੈਸਟੀਗੇਸ਼ਨ, ਜੋ ਕਿ ਯੂ.ਐੱਸ. ਦੇ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਮੁੱਖ ਜਾਂਚ ਏਜੰਸੀ ਹੈ, ਨੂੰ ਦੇ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਚ 'ਤੇ ਬਰਾਮਦ ਕੀਤੀ ਗਈ ਇਸ ਕੋਕੀਨ ਸਬੰਧੀ ਜਾਂਚ ਕੀਤੀ ਜਾ ਰਹੀ ਹੈ।