ਅਮਰੀਕਾ: 5,800 ਤੋਂ ਵੱਧ ਡਾਕ ਕਰਮਚਾਰੀ ਪਿਛਲੇ ਸਾਲ ਹੋਏ ਕੁੱਤਿਆਂ ਦੁਆਰਾ ਹਮਲੇ ਦੇ ਸ਼ਿਕਾਰ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 15 ਜੂਨ 2021 - ਡਾਕ ਵਿਭਾਗ ਅਤੇ ਇਸਦੇ ਕਰਮਚਾਰੀਆਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ, ਕਿਉਂਕਿ ਇਹ ਚਿੱਠੀ ਪੱਤਰਾਂ ਨੂੰ ਸਾਡੇ ਤੱਕ ਪਹੁਚਾਉਂਦੇ ਹਨ। ਕਈ ਵਾਰ ਇਹਨਾਂ ਕਰਮਚਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ,ਜਿਸ ਵਿੱਚ ਪਾਲਤੂ ਜਾਨਵਰਾਂ ਦੁਆਰਾ ਕੀਤੇ ਜਾਣ ਵਾਲੇ ਹਮਲੇ ਵੀ ਸ਼ਾਮਲ ਹਨ। ਅਜਿਹੇ ਹੀ ਹਮਲਿਆਂ ਦਾ ਸ਼ਿਕਾਰ ਪਿਛਲੇ ਸਾਲ 5,800 ਤੋਂ ਵੱਧ ਯੂ ਐਸ ਪੋਸਟਲ ਸਰਵਿਸ( ਯੂ ਐਸ ਪੀ ਐਸ) ਦੇ ਕਰਮਚਾਰੀ ਹੋਏ ਹਨ, ਜਿਹਨਾਂ 'ਤੇ ਕੁੱਤਿਆਂ ਨੇ ਹਮਲਾ ਕੀਤਾ ਹੈ।
ਏਜੰਸੀ ਨੇ ਹਾਲ ਹੀ ਵਿੱਚ ਇਸ ਮੁੱਦੇ ਨੂੰ ਉਜਾਗਰ ਕਰਨ ਦੀ ਮੁਹਿੰਮ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਹੈ।ਯੂ ਐਸ ਪੀ ਐਸ ਨੇ ਵੀਰਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਕੁੱਤਿਆਂ ਦੁਆਰਾ ਵੱਢਣ ਅਤੇ ਭਿਆਨਕ ਹਮਲੇ ਡਾਕ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਗੰਭੀਰ ਖ਼ਤਰਾ ਹਨ।
ਇਸ ਸਬੰਧੀ ਰਿਪੋਰਟ ਅਨੁਸਾਰ ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ ਵਿਚੋਂ, ਹਿਊਸਟਨ ਨੇ ਪਿਛਲੇ ਸਾਲ ਪੱਤਰ-ਕੈਰੀਅਰਾਂ 'ਤੇ ਕੁੱਤਿਆਂ ਦੇ ਸਭ ਤੋਂ ਵੱਧ 73 ਹਮਲੇ ਦਰਜ ਕੀਤੇ ਸਨ , ਜਿਸਦੇ ਬਾਅਦ ਸ਼ਿਕਾਗੋ ਅਤੇ ਲਾਸ ਏਂਜਲਸ ਕ੍ਰਮਵਾਰ 59 ਅਤੇ 54 ਦੀ ਗਿਣਤੀ ਦੇ ਨਾਲ ਇਸ ਸੂਚੀ ਵਿੱਚ ਦੂਜੇ ਅਤੇ ਤੀਜੇ ਸਥਾਨ 'ਤੇ ਸਨ। ਇਸ ਦੌਰਾਨ ਸਟੇਟ ਪੱਧਰ 'ਤੇ ਕੈਲੀਫੋਰਨੀਆ ਵਿੱਚ 2020 'ਚ 782 ਕੁੱਤਿਆਂ ਦੇ ਸਭ ਤੋਂ ਵੱਧ ਹਮਲੇ ਹੋਏ ਅਤੇ ਨਿਊਯਾਰਕ ਵਿੱਚ 295 ਹਮਲੇ ਹੋਏ। ਇਸ ਸਬੰਧੀ ਵਿਭਾਗ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਕੀਤੀ ਇੱਕ ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ, ਕੁੱਤਿਆਂ ਦੇ ਮਾਲਕਾਂ ਨੂੰ ਸਮੱਸਿਆ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ।