ਅਧਿਆਪਕਾਂ ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਅਫਸਰਾਂ ਨੂੰ ਤੁਰੰਤ ਕੀਤਾ ਜਾਵੇ ਸਸਪੈਂਡ - ਇੰਜ ਸਵਰਨ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 16 ਜੂਨ 2021ਘਰ-ਘਰ ਰੁਜ਼ਗਾਰ ਦੇ ਜੁਮਲੇ ਸਹਾਰੇ ਅਤੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਝੂਠੀਆਂ ਸੋਹਾਂ ਖਾ ਕੇ ਸੱਤਾ ਹਥਿਆਉਣ ਵਾਲੀ ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰੁਜ਼ਗਾਰ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ 'ਤੇ ਇੱਕ ਵਾਰ ਫੇਰ ਪਟਿਆਲਾ ਵਿਖੇ ਲਾਠੀਚਾਰਜ ਕੀਤਾ ਗਿਅਾ ਜੋ ਬਹੁਤ ਹੀ ਮੰਦਭਾਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪੀ ਏ ਸੀ ਇੰਜ ਸਵਰਨ ਸਿੰਘ ਨੇ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਧੀਆਂ ਪੁੱਤਰਾਂ ਲਈ ਗੂੰਗੇ ਤੇ ਬੋਲੇ ਹੋਣ ਅਤੇ ਪੰਜਾਬ ਦੇ ਧੱਕੇ-ਜਬਰ ਭਰੇ ਪੁਲਸੀਆ ਰਾਜ ਵਿਚ ਤਬਦੀਲ ਹੋਣ ਦਾ ਸਬੂਤ ਦਿੱਤਾ ਗਿਆ।
ਇਸ ਮੌਕੇ ਇੰਜ ਸਵਰਨ ਸਿੰਘ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ 'ਤੇ ਦੋਸ਼ ਲਾਉਦੇ ਹੋਏ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਦੀ ਕਚਿਹਰੀ ਚੋਂ ਗਾਇਬ ਹਨ ਅਤੇ ਆਪਣੇ ਓਐੱਸਡੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਰਾਹੀਂ ਆਮ ਲੋਕਾਂ ਦੇ ਧੀਆਂ ਪੁੱਤਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਤ ਦਿਨ ਹੱਕ ਮੰਗਦੇ ਲੋਕਾਂ 'ਤੇ ਹੋਣ ਵਾਲੇ ਲਾਠੀਚਾਰਜ ਗਵਾਹੀ ਭਰਦੇ ਹਨ ਕਿ ਕਾਂਗਰਸ ਸਰਕਾਰ ਦੀ ਕਹਿਣੀ ਅਤੇ ਕਥਨੀ ਇੱਕ ਨਹੀਂ ਹੈ। ਉਹਨਾਂ ਕਿਹਾ ਕਿ
ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ। ਉਹ ਸਭ ਭੁੱਲ ਗਈ ਹੈ। ਉਹਨਾਂ ਕਿਹਾ ਅਧਿਆਪਕ/ਅਧਿਆਪਕਾਵਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਤੇ ਅਧਿਆਪਕਾਵਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਣ ਵਾਲੇ ਅਫਸਰਾਂ/ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਬੇਰੁਜ਼ਗਾਰੀ ਅਧਿਆਪਕਾ ਨੂੰ ਤੁਰੰਤ ਰੁਜ਼ਗਾਰ ਦਿੱਤਾ ਜਾਵੇ।
ਇੰਜ ਸਵਰਨ ਸਿੰਘ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਖਬੀਰ ਸਿੰਘ ਬਾਦਲ ਕੋਲ ਉਠਾਉਣਗੇ ।