ਗੁਰਦੁਆਰਾ ਗੰਗਸਰ ਸਾਹਿਬ ਘਟਨਾ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ- ਰਣਜੀਤ ਸਿੰਘ ਔਲਖ/ ਮੱਖਣ ਸਿੰਘ ਨੰਗਲ
ਮਨਿੰਦਰਜੀਤ ਸਿੱਧੂ
- ਬੀਬੀ ਰਾਜਿੰਦਰ ਕੌਰ ਰੱਜੀ ਦੁਆਰਾ ਨਿਭਾਈ ਭੂਮਿਕਾ ਦੀ ਕੀਤੀ ਸ਼ਲਾਘਾ
ਜੈਤੋ, 16 ਜੂਨ, 2021 - ਬੀਤੇ ਕੁੱਝ ਦਿਨਾਂ ਤੋਂ ਜੈਤੋ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਗੰਗਸਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਦੁਆਰਾ ਗੁਰਦੁਆਰੇ ਦੀ ਸਰਾਂ ਅੰਦਰ ਗੈਰ ਔਰਤਾਂ ਨਾਲ ਰੰਗਰਲੀਆਂ ਮਨਾਉਣ ਦੇ ਮਾਮਲੇ ਨਾਲ ਮਾਹੋਲ਼ ਗਰਮਾਇਆ ਹੋਇਆ ਸੀ। ਕੱਲ ਸੰਗਤਾਂ ਦੇ ਭਾਰੀ ਦਬਾਅ ਦੇ ਚਲਦਿਆਂ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਆਈ.ਪੀ.ਸੀ ਦੀ ਧਾਰਾ 295 ਏ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਅਤੇ ਐੱਸ.ਜੀ.ਪੀ.ਸੀ ਵੱਲੋਂ ਵੀ ਦੋਸ਼ੀ ਮੁਲਾਜ਼ਮਾਂ ਨੂੰ ਨੌਕਰੀਓਂ ਬਰਖਾਸਤ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਉਪਰੰਤ ਸੰਗਤਾਂ ਵੱਲੋਂ ਧਰਨਾ ਵੀ ਚੁੱਕ ਲਿਆ ਗਿਆ।
ਇਸ ਘਟਨਾਕ੍ਰਮ ਦਾ ਜਾਇਜਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਅਤੇ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੱਖਣ ਸਿੰਘ ਨੰਗਲ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਰਣਜੀਤ ਸਿੰਘ ਔਲਖ ਦਬੜੀਖਾਨਾ ਉਚੇਚੇ ਤੋਰ ਤੇ ਪਹੁੰਚੇ ਅਤੇ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਪੰਥਕ ਧਿਰਾਂ ਨਾਲ ਗੱਲਬਾਤ ਕੀਤੀ। ਜਥੇਦਾਰ ਨੰਗਲ ਨੇ ਕਿਹਾ ਕਿ ਪਹਿਲਾਂ ਗੁਰਦੁਆਰਿਆਂ ਵਿੱਚੋਂ ਮਹੰਤਾਂ ਨੂੰ ਕੱਢਣ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਐੱਸ.ਜੀ.ਪੀ.ਸੀ ਹੋਂਦ ਵਿੱਚ ਆਈ ਸੀ ਪਰ ਹੁਣ ਐੱਸ.ਜੀ.ਪੀ.ਸੀ ਦੇ ਪ੍ਰਬੰਧ ਵਿੱਚ ਏਨਾ ਨਿਘਾਰ ਆ ਚੁੱਕਿਆ ਹੈ ਕਿ ਹੁਣ ਇਹ ਮਹੰਤਾਂ ਅਤੇ ਮਸੰਦਾਂ ਤੋਂ ਵੀ ਗਿਰ ਚੁੱਕੇ ਹਨ। ਗੁਰਦੁਆਰਿਆਂ ਦੀ ਹਦੂਦ ਵਿੱਚੋਂ ਸ਼ਰਾਬ ਦੀਆਂ ਖਾਲੀ ਬੋਤਲਾਂ, ਕਬਾਬ ਦੀ ਹੱਡੀਆਂ ਅਤੇ ਲੱਚਰ ਸਮੱਗਰੀ ਦਾ ਮਿਲਣਾ ਇਸ ਗੱਲ ਨੂੰ ਸਾਬਿਤ ਕਰਦਾ ਹੈ ਅਤੇ ਗੁਰਦੁਆਰਿਆਂ ਦੇ ਮੌਜੂਦਾ ਪ੍ਰਬੰਧਕਾਂ ਦੇ ਕਿਰਦਾਰ ਵਿੱਚ ਕਿੰਨੀ ਗਿਰਾਵਟ ਆ ਚੁੱਕੀ ਹੈ।
ਮਾਰਕਿਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਅਤੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਰਣਜੀਤ ਸਿੰਘ ਔਲਖ ਦਬੜੀਖਾਨਾ ਨੇ ਕਿਹਾ ਕਿ ਜੇਕਰ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣਾ ਹੈ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਪੰਜੇ ਤੋਂ ਮੁਕਤ ਕਰਵਾਉਣਾ ਲਾਜ਼ਮੀ ਹੈ।ਉਹਨਾਂ ਪੰਥਕ ਸਖਸ਼ੀਅਤ ਬੀਬੀ ਰਾਜਿੰਦਰ ਕੌਰ ਰੱਜੀ ਦੁਆਰਾ ਉਕਤ ਮਾਮਲੇ ਦੀ ਪੈਰਵਾਈ ਕਰਦਿਆਂ ਦੋਸ਼ੀਆਂ ਉੱਪਰ ਕਾਰਵਾਈ ਕਰਵਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਲਿਸ ਉੱਪਰ ਦਬਾਅ ਬਣਾਉਣ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
ਬੀਬੀ ਰਾਜਿੰਦਰ ਕੌਰ ਰੱਜੀ ਦਾ ਇਸ ਮੌਕੇ ਕਹਿਣਾ ਸੀ ਕਿ ਜੇਕਰ ਪੰਥ ਵਿਚਲੀਆਂ ਇਹਨਾਂ ਕਾਲੀਆਂ ਭੇਡਾਂ ਨੂੰ ਦੂਰ ਕਰਨਾ ਹੈ ਤਾਂ ਪੰਥ ਦਰਦੀ ਸਾਰੀਆਂ ਧਿਰਾਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ। ਸਾਰੇ ਹੀ ਆਗੂਆਂ ਨੇ ਸ਼ੋ੍ਰਮਣੀ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਿਸਾਲੀ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ।