ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਕਾਂਗਰਸ ਮੁੜ ਸੱਤਾ ਹਾਸਲ ਕਰੇਗੀ- ਗੁਰਜੰਟ ਸਿੰਘ ਸੂਰਘੂਰੀ
ਮਨਿੰਦਰਜੀਤ ਸਿੱਧੂ
ਜੈਤੋ, 16 ਜੂਨ, 2021 - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਵਿਕਾਸ ਕਾਰਜਾਂ ਦੀ ਜੋ ਹਨੇਰੀ ਲਿਆਂਦੀ ਹੈ ਉਸ ਨੂੰ ਦੇਖਦਿਆਂ ਪੰਜਾਬ ਦੇ ਲੋਕ ਇੱਕ ਵਾਰ ਫੇਰ ਹਰਮਨ ਪਿਆਰੇ ਅਤੇ ਪੰਜਾਬ ਦਰਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲੈ ਕੇ ਆਉਣਗੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਦੇ ਕਰੀਬੀ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਜੰਟ ਸਿੰਘ ਸੂਰਘੂਰੀ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਅੰਦਰ ਕਿਸੇ ਵੀ ਪਾਰਟੀ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਕੈਪਟਨ ਦੇ ਬਰਾਬਰ ਕੋਈ ਧਾਕੜ ਚਿਹਰਾ ਨਹੀਂ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਆਰਾ ਖੇਤੀ ਕਾਨੂੰਨ ਖਿਲਾਫ ਕਿਸਾਨ ਸੰਘਰਸ਼ ਨੂੰ ਦਿੱਤੇ ਗਏ ਸਾਥ ਦਾ ਵੀ ਪੰਜਾਬ ਦੇ ਲੋਕ ਜਰੂਰ ਮੁੱਲ ਮੋੜਨਗੇ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ, ਪੰਜਾਬ ਪੱਖੀ ਅਤੇ ਦ੍ਰਿੜ ਫੈਸਲੇ ਲੈਣ ਅਤੇ ਪੰਜਾਬ ਦਾ ਕੋਈ ਭਲਾ ਕਰਨ ਦੀ ਗੱਲ ਕਰਨ ਦੀ ਹਿੰਮਤ ਰੱਖਦਾ ਹੈ ਤਾਂ ਉਹ ਸਿਰਫ ਮਹਾਰਾਜਾ ਅਮਰਿੰਦਰ ਸਿੰਘ ਹੈ। ਉਹਨਾਂ ਕਿਹਾ ਕਿ ਜੈਤੋ ਹਲਕੇ ਅੰਦਰ ਮੁਹੰਮਦ ਸਦੀਕ ਅਤੇ ਉਹਨਾਂ ਦੀ ਟੀਮ ਵੱਲੋਂ ਵਿਕਾਸ ਕਾਰਜਾਂ ਲਈ ਵਿਤੋਂ ਵੱਧ ਕੰਮ ਕੀਤਾ ਹੈ ਅਤੇ ਇਸ ਸੰਬੰਧੀ ਪਿਛਲੇ ਦਿਨੀਂ ਸਦੀਕ ਅਤੇ ਕੈਪਟਨ ਦੀ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਦੀਕ ਨੂੰ ਪੂਰੀ ਲਗਨ ਨਾਲ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦੀ ਗੱਲ ਆਖੀ ਹੈ।