ਝੋਨੇ ਦੀ ਲਵਾਈ ਦੇ ਬਾਵਜੂਦ ਦਿੱਲੀ ਮੋਰਚੇ ਕਿਸਾਨ ਕਾਫਲਿਆਂ ਦਾ ਪੁੱਜਣਾ ਜਾਰੀ
ਅਸ਼ੋਕ ਵਰਮਾ
ਨਵੀਂ ਦਿੱਲੀ, 16 ਜੂਨ 2021:ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ 'ਚ ਝੋਨੇ ਦੀ ਲਵਾਈ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ ਇਸ ਦੇ ਬਾਵਜੂਦ ਵੀ ਅੰਦੋਲਨ ਦੀ ਮਜ਼ਬੂਤੀ ਵਾਸਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚੋਂ ਵੱਡੀ ਗਿਣਤੀ ਕਿਸਾਨਾਂ ਅਤੇ ਔਰਤਾਂ ਦੇ ਕਾਫ਼ਲੇ ਮੋਰਚੇ 'ਚ ਸ਼ਾਮਲ ਹੋਣ ਵਾਸਤੇ ਪਹੁੰਚ ਰਹੇ ਹਨ ਜਿਸ ਦੀ ਮਿਸਾਲ ਬਠਿੰਡਾ ਜ਼ਿਲ੍ਹੇ ਤੋਂ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਰਾਜਵਿੰਦਰ ਸਿੰਘ ਰਾਜੂ ਦੀ ਅਗਵਾਈ 'ਚ ਸ਼ਾਮਲ ਹੋਏ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਕਿਸਾਨ ਹੰਭ ਥੱਕ ਕੇ ਘਰਾਂ ਨੂੰ ਵਾਪਸ ਮੁੜ ਜਾਣਗੇ ਪਰ ਕਾਫਲਿਆਂ ਦੇ ਰੂਪ 'ਚ ਆਉਣ ਵਾਲੇ ਕਿਸਾਨਾਂ ਅਤੇ ਔਰਤਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਮਿਹਨਤੀ ਲੋਕ ਹੰਭਣ ਥੱਕਣ ਵਾਲੇ ਨਹੀਂ ਹਾਂ ਭਾਵੇਂ ਕਿੰਨਾ ਹੀ ਕੰਮ ਦਾ ਕਸਾਅ ਹੋਵੇ, ਭਾਵੇਂ ਠੰਡ ਜਾਂ ਗਰਮੀ ਹੋਵੇ, ਝੱਖੜ ਜਾਂ ਮੀਂਹ ਹੋਵੇ ਕਿਉਂਕਿ ਇਹ ਸੰਘਰਸ਼ ਸਾਡੀ ਮਾਂ ਜ਼ਮੀਨ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਹੈ । ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੀਤੇ ਵਿਰਸੇ ਨੂੰ ਕਦੇ ਵੀ ਭੁਲਾ ਨਹੀਂ ਸਕਦੇ।ਅਸੀਂ ਆਪਣੇ ਸੂਰਬੀਰ ਯੋਧਿਆਂ,ਦਸਾਂ ਗੁਰੂਆਂ,ਗ਼ਦਰੀ ਬਾਬਿਆਂ ਅਤੇ ਭਗਤ ਸਰਾਭਿਆਂ ਦੇ ਇਤਿਹਾਸ ਦੇ ਆਦਰਸ਼ਾਂ ਨੂੰ ਲੈ ਕੇ ਚੱਲੇ ਹੋਏ ਹਾਂ।
ਕਿਸਾਨ ਮੋਰਚੇ ਨੂੰ ਤਕੜਾਈ ਦੇਣ ਵਾਸਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ 'ਚੋਂ ਵੱਡੀ ਗਿਣਤੀ ਵੱਖ ਵੱਖ ਟੀਚਰ ਫਰੰਟ ਪਹੁੰਚ ਰਹੇ ਹਨ ਅਤੇ ਨਾਲ ਹੀ ਕਿਸਾਨ ਅੰਦੋਲਨ ਦੀ ਹਮਾਇਤ 'ਚ ਨਿੱਤਰ ਰਹੀਆਂ ਕੇਂਦਰੀ ਟਰੇਡ ਯੂਨੀਅਨਾਂ ਦਾ ਜਥੇਬੰਦੀ ਵਲੋਂ ਧੰਨਵਾਦ ਕੀਤਾ ਜਾਂਦਾ ਹੈ।
ਕਿਸਾਨ ਆਗੂ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕਰਜ਼ੇ ਮੁਆਫ਼ੀ ਦੀ ਸਕੀਮ ਦਾ ਕੇਂਦਰ ਸਰਕਾਰ ਵੱਲੋਂ ਜੋ ਅੜਿੱਕਾ ਬਣਾਇਆ ਜਾ ਰਿਹਾ ਹੈ ਪਰ ਅਸਲ 'ਚ ਪੰਜਾਬ ਸਰਕਾਰ ਕਰਜ਼ਾ ਚੋਣਾਂ ਵੇਲੇ ਕੀਤੇ ਵਾਅਦੇ ਤੋਂ ਮੁੱਕਰਨਾ ਚਾਹੁੰਦੀ ਹੈ ਪਰ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਵੱਲੋਂ ਚੋਣਾਂ ਵੇਲੇ ਕੀਤੇ ਵਾਅਦਿਆਂ ਨੂੰ ਹਰ ਹਾਲਤ ਸ਼ੰਘਰਸ਼ ਕਰਕੇ ਲਾਗੂ ਕਰਵਾਉਣਗੀਆਂ।
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਜੋ ਬੇਰੁਜ਼ਗਾਰਾਂ ਨੂੰ ਘਰ ਘਰ ਰੁਜ਼ਗਾਰ ਦੇਣ ਦੀ ਗੱਲ ਆਖੀ ਸੀ ਪਰ ਪੜ੍ਹੇ ਲਿਖੇ ਨੌਜਵਾਨ ਈਟੀਟੀ, ਬੀਐਡ ਟੈੱਟ ਪਾਸ ਅਧਿਆਪਕਾਂ ਨੂੰ ਰੁਜ਼ਗਾਰ ਮੰਗਣ ਦੇ ਨਾਂ ਤੇ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੈ।ਇਥੋਂ ਤੱਕ ਕਿ ਨੌਜਵਾਨ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਕੱਲ੍ਹ ਪਟਿਆਲਾ 'ਚ ਅਧਿਆਪਕਾਂ 'ਤੇ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ ਅਤੇ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕਰਦੀ ਹੈ।ਜਥੇਬੰਦੀ ਵੱਲੋਂ ਅੱਜ ਦੀ ਸਟੇਜ ਬੁੱਧਵਾਰ ਨੂੰ ਛੁੱਟੀ ਮਨਾਉਣ ਦੇ ਕੀਤੇ ਫ਼ੈਸਲੇ ਮੁਤਾਬਕ ਨਹੀਂ ਚਲਾਈ ਗਈ।