ਅਮਰੀਕਾ: ਇਲੀਨੋਏ ਦੇ ਕੈਮੀਕਲ ਪਲਾਂਟ 'ਚ ਲੱਗੀ ਭਿਆਨਕ ਅੱਗ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 17 ਜੂਨ 2021 - ਅਮਰੀਕਾ ਦੇ ਉੱਤਰੀ ਇਲੀਨੋਏ ਵਿੱਚ ਸੋਮਵਾਰ ਨੂੰ ਕੈਮੀਕਲ ਪਲਾਂਟ 'ਚ ਹੋਏ ਵੱਡੇ ਧਮਾਕੇ ਕਾਰਨ ਲੱਗੀ ਭਿਆਨਕ ਅੱਗ ਨੇ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ। ਇਹ ਅੱਗ ਜੋ ਕਿ ਮੰਗਲਵਾਰ ਤੱਕ ਬਲਦੀ ਰਹੀ ਦੇ ਕਾਰਨ ਇਲਾਕੇ ਵਿੱਚ ਸੈਂਕੜੇ ਲੋਕਾਂ ਨੂੰ ਘਰ ਛੱਡਣ ਲਈ ਵੀ ਕਿਹਾ ਗਿਆ ਸੀ। ਇੱਕ ਫੈਡਰਲ ਏਜੰਸੀ ਦੁਆਰਾ ਪਲਾਂਟ ਦਾ ਮੁਆਇਨਾ ਕਰਨ ਤੋਂ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਰੌਕਟਨ ਸਥਿਤ ਚੇਮਟੂਲ ਕੈਮੀਕਲ ਪਲਾਂਟ ਵਿੱਚ ਲੱਗੀ ਅੱਗ ਨੇ ਸਾਵਧਾਨੀ ਵਜੋਂ ਇੱਕ ਮੀਲ ਦੇ ਘੇਰੇ ਵਿੱਚ 125 ਤੋਂ ਜ਼ਿਆਦਾ ਘਰਾਂ ਅਤੇ ਕਾਰੋਬਾਰਾਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਹੈ।
ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਦੋ ਕਰਮਚਾਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ ਅਤੇ 70 ਕਾਮਿਆਂ ਨੇ ਅੱਗ 'ਤੇ ਕਾਬੂ ਪਾਉਣ ਲਈ ਜੱਦੋਜਹਿਦ ਕੀਤੀ। ਅਧਿਕਾਰੀਆਂ ਨੇ ਘਰ ਤੋਂ ਬਾਹਰ ਜਾਣ ਵਾਲੇ ਲੋਕਾਂ ਤੋਂ ਮੁਆਫੀ ਮੰਗਦਿਆਂ ਕਿਹਾ ਮੰਗਲਵਾਰ ਤੱਕ ਅੱਧਾ ਮਿਲੀਅਨ ਗੈਲਨ ਤੇਲ ਬਲਣਾ ਬਾਕੀ ਸੀ ਜੋ ਕਿ ਨੇੜੇ ਦੇ ਪਾਣੀ ਸਰੋਤ ਲਈ ਖਤਰਾ ਸੀ। ਇਸ ਲਈ ਅੱਗ ਦੀ ਸਿਖਲਾਈ ਪ੍ਰਾਪਤ ਟੀਮਾਂ ਨੇ ਮੰਗਲਵਾਰ ਨੂੰ ਉਸ ਪਾਣੀ ਨੂੰ ਬਚਾਉਣ ਲਈ ਰਾਸਤੇ ਵਿੱਚ ਰੁਕਾਵਟਾਂ ਸਥਾਪਿਤ ਕੀਤੀਆਂ ਅਤੇ ਅੱਗ ਨੂੰ ਇੱਕ ਵਿਸ਼ੇਸ਼ ਝੱਗ ਨਾਲ ਰੋਕਿਆ।
ਇਸ ਅੱਗ ਨਾਲ ਫੈਲਿਆ ਕਾਲਾ ਧੂੰਆਂ ਮੰਗਲਵਾਰ ਤੱਕ ਆਸਮਾਨ ਤੋਂ ਸਾਫ ਹੋ ਗਿਆ ਸੀ ਅਤੇ ਅਧਿਕਾਰੀ 3 ਮੀਲ ਦੇ ਘੇਰੇ ਵਿੱਚ ਮਾਸਕ ਪਹਿਨਣ ਲਈ ਕਹਿ ਰਹੇ ਸਨ। ਅਮਰੀਕਾ ਦੇ ਲੇਬਰ ਵਿਭਾਗ ਦੇ ਅਨੁਸਾਰ ਇਸ ਘਟਨਾ ਤੋਂ ਪਹਿਲਾਂ ਯੂ ਐੱਸ ਡਿਪਾਰਟਮੈਂਟ ਆਫ ਆਕੂਪੈਸ਼ਨਲ ਹੈਲਥ ਐਂਡ ਸੇਫਟੀ ਐਡਮਨਿਸਟ੍ਰੇਸ਼ਨ (ਓ ਐਚ ਐਸ ਏ) ਦੇ ਇੰਸਪੈਕਟਰਾਂ ਨੇ 20 ਮਈ ਨੂੰ ਰੌਕਟਨ, ਇਲੀਨੋਏ ਵਿੱਚ ਚੈਮਟੂਲ ਇੰਕ ਵਿਖੇ ਸਿਹਤ ਜਾਂਚ ਕੀਤੀ ਸੀ। ਮੰਗਲਵਾਰ ਤੱਕ ਏਜੰਸੀ ਨੇ ਕਿਹਾ ਕਿ ਸੋਮਵਾਰ ਦੇ ਵਿਸਫੋਟ ਸਬੰਧੀ ਇੱਕ ਹੋਰ ਜਾਂਚ ਸ਼ੁਰੂ ਕੀਤੀ ਗਈ ਹੈ।