ਅਧਿਆਪਕ ਵਰਗ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦਾ ਕੌਮੀ ਪੱਧਰ ‘ਤੇ ਵਧਾਇਆ ਮਾਣ - ਅਮਿਤ ਸਿੰਘ ਮੰਟੂ
ਪਠਾਨਕੋਟ, 17 2021 - ਪੰਜਾਬ ਸਰਕਾਰ ਦੀ ਸੁਚੱਜੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ‘ਚ ਨੂੰ ਅੱਵਲ ਸਥਾਨ ਦਿਵਾਉਣ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਅਧਿਆਪਕਾਂ ਦੀ ਬਦੌਲਤ ਹੀ ਰਾਜ ਦੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋਇਆ ਅਤੇ ਸਮਾਜ ਦੇ ਹਰ ਵਰਗ ‘ਚ ਸਰਕਾਰੀ ਸਕੂਲਾਂ ਪ੍ਰਤੀ ਮੁੜ ਵਿਸ਼ਵਾਸ ਪੈਦਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਜਾਨਪੁਰ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪਿਛਲੇ ਕੁਝ ਸਾਲਾਂ ‘ਚ ਸਰਕਾਰ ਦੀਆਂ ਯੋਜਨਾਵਾਂ ਨੂੰ ਰਾਜ ਦੇ ਮਿਹਨਤੀ ਅਧਿਆਪਕਾਂ ਨੇ ਸੁਚਾਰੂ ਰੂਪ ‘ਚ ਨੇਪਰੇ ਚਾੜ੍ਹ ਕੇ, ਰਾਸ਼ਟਰੀ ਪੱਧਰ ‘ਤੇ ਮਾਣ ਦਿਵਾਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ‘ਚ ਲਗਾਤਾਰ ਦੂਸਰੇ ਸਾਲ 12 ਫ਼ੀਸਦੀ ਤੋਂ ਬੱਚਿਆਂ ਦਾ ਵਾਧਾ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜ ਦੇ ਸਕੂਲਾਂ ਦਾ ਹਰ ਪੱਖੋਂ ਮਿਆਰ ਵਧਿਆ ਹੈ। ਜਿਸ ‘ਤੇ ਕੇਂਦਰ ਸਰਕਾਰ ਨੇ ਪ੍ਰਫਾਰਮੈਂਸ ਗ੍ਰੇਡਿੰਗ ਇਡੈਕਸ ਰਾਹੀਂ ਮੋਹਰ ਲਗਾ ਦਿੱਤੀ ਹੈ। ਇਸ ਪ੍ਰਾਪਤੀ ਨੇ ਪੰਜਾਬ ਦਾ ਦੇਸ਼-ਵਿਦੇਸ਼ ‘ਚ ਸਿਰ ਉੱਚਾ ਕੀਤਾ ਹੈ। ਰਾਜ ਦੇ ਸਰਕਾਰੀ ਸਕੂਲਾਂ ‘ਚ ਜੋ ਮਿਆਰੀ ਢਾਂਚਾ ਬਣਿਆ ਹੈ ਭਾਵ ਸਮਾਰਟ ਕਲਾਸ ਰੂਮਜ਼, ਵਿੱਦਿਅਕ ਪਾਰਕ, ਕੰਪਿਊਟਰ ਲੈਬਜ਼, ਬਾਲਾ ਵਰਕ, ਖੂਬਸੂਰਤ ਖੇਡ ਮੈਦਾਨ ਤੇ ਫਰਨੀਚਰ ਅਧਿਆਪਕਾਂ ਦੇ ਦਿਮਾਗ ਦੀ ਸਿਰਜਣਾ ਹੈ।
ਜਿਨ੍ਹਾਂ ਲਈ ਦਾਨੀ ਸੱਜਣਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਸਰਕਾਰ, ਅਧਿਆਪਕ ਤੇ ਸਮਾਜ ਸੇਵਿਕਾ ਦੀ ਭੂਮਿਕਾ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਸਰਵੇਖਣ ਨੇ ਸਾਡੇ ਸਕੂਲ ‘ਚ ਹੋਏ ਵਿਕਾਸ ਨੂੰ ਰਾਸ਼ਟਰੀ ਪੱਧਰ ‘ਤੇ ਮੋਹਰੀ ਕਰਾਰ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਸਕੂਲਾਂ ਦਾ ਸੌ ਫ਼ੀਸਦੀ ਵਿਕਾਸ ਹੋ ਚੁੱਕਿਆ ਹੈ। ਸਗੋਂ ਇਸ ਖਿਤਾਬ ਨੂੰ ਕਾਇਮ ਰੱਖਣ ਤੇ ਸਰਕਾਰੀ ਸਕੂਲਾਂ ਨੂੰ ਸਰਬ ਕਲਾ ਸੰਪੂਰਨ ਬਣਾਉਣ ਭਾਵ 1000 ‘ਚੋਂ 1000 ਅੰਕ ਹਾਸਿਲ ਕਰਨ ਲਈ ਯਤਨ ਜਾਰੀ ਰੱਖਣੇ ਪੈਣਗੇ।