ਆਮ ਆਦਮੀ ਪਾਰਟੀ ਵੱਲੋਂ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ
ਅਸ਼ੋਕ ਵਰਮਾ
ਬਠਿੰਡਾ , 17 ਜੂਨ 2021 - ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਅੱਜ ਤੀਜੇ ਦਿਨ ਵੀ ਭੁੱਖ ਹੜਤਾਲ ਜਾਰੀ ਹੈ। ਅੱਜ ਤੀਜੇ ਦਿਨ ਇਸ ਭੁੱਖ ਹੜਤਾਲ ਵਿੱਚ ਸੁਖਵੀਰ ਸਿੰਘ ਮਾਈਸਰਖਾਨਾ, ਨਛੱਤਰ ਸਿੰਘ ਮੌੜ, ਨਿਰਮਲ ਸਿੰਘ ਅਤੇ ਠੰਡੂ ਸਿੰਘ ਇਸ ਭੁੱਖ ਹੜਤਾਲ ਤੇ ਬੈਠੇ ਹਨ। ਇਸ ਲੜੀਵਾਰ ਭੁੱਖ ਹੜਤਾਲ ਦਾ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਲੈਕੇ ਅੱਜ ਤੀਜਾ ਦਿਨ ਹੈ। ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਨੀਲ ਗਰਗ, ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆ ਅਤੇ ਲੀਗਲ ਵਿੰਗ ਪੰਜਾਬ ਦੇ ਵਾਈਸ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਇਹਨਾਂ ਸਰਕਾਰਾਂ ਵੱਲੋਂ ਲਗਾਤਰ ਦਲਿਤ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਗ਼ਰੀਬ ਬੱਚਿਆਂ ਦੇ ਵਜ਼ੀਫੇ ਰੋਕੇ ਹੋਏ ਹਨ ਅਤੇ ਦੂਜੇ ਪਾਸੇ ਲੱਗਭਗ ਪਿਛਲ਼ੇ ਪੰਦਰਾਂ ਵੀਹ ਸਾਲ ਤੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰਾਂ ਵੱਲੋਂ ਓਹਨਾਂ ਉਪੱਰ ਡਾਂਗਾਂ ਵਰਾਉਂਦੇ ਹੋਏ ਪਸ਼ੂਆਂ ਵਰਗਾ ਸਲੂਕ ਕੀਤਾ ਜਾਂਦਾ ਹੈ ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਦਲਿਤ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ। ਇਹ ਸਰਕਾਰਾਂ ਤਾਂ ਮੁੱਢ ਤੋਂ ਹੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਤੋਂ ਹੀ ਦਲਿਤ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਐਨੀ ਬੇਰੁਖੀ ਕਰਨ ਦੇ ਬਾਵਜੂਦ ਵੀ ਜੇਕਰ ਕੋਈ ਬੱਚਾ ਮੁੱਢਲੀ ਸਿੱਖਿਆ ਪ੍ਰਾਪਤ ਕਰ ਜਾਂਦਾ ਹੈ ਤਾਂ ਉਸ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਉਹ ਬੱਚਾ ਅਗਲੇਰੀ ਪੜ੍ਹਾਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਮੌਜੂਦਾ ਸਰਕਾਰਾਂ ਦਲਿਤ ਵਿਦਿਆਰਥੀਆਂ ਦੀ ਉੱਚ ਸਿੱਖਿਆ ਹੀ ਨਹੀਂ ਰੋਕਦੀਆਂ ਬਲਕਿ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਰੋਕਣ ਲਈ ਵੀ ਬੇਇਨਸਾਫੀਆਂ ਕਰਦੀਆਂ ਅਤੇ ਹੱਕੀ ਮੰਗਾਂ ਨਹੀਂ ਮੰਨਦੀਆਂ ਜਿਸ ਕਰਕੇ ਅਧਿਆਪਕ ਹੜਤਾਲ਼ ਤੇ ਹਨ।
ਉਨ੍ਹਾਂ ਕਿਹਾ ਕਿ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਅਤੇ ਭਵਿੱਖ ਹਨੇਰੇ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਆਮ ਲੋਕਾਂ ਦੇ ਹੱਕ ਮਾਰਨ ਵਾਲੀਆਂ ਸਰਕਾਰਾਂ ਦਾ ਹਮੇਸ਼ਾਂ ਵਿਰੋਧ ਕਰਦੀ ਰਹੇਗੀ। ਇਸ ਮੌਕੇ ਤੇ ਆਪ ਦੀ ਸੀਨੀਅਰ ਲੀਡਰਸ਼ਿਪ ਅਨਿਲ ਠਾਕੁਰ, ਰਕੇਸ਼ ਪੁਰੀ, ਐੱਮ ਐੱਲ ਜਿੰਦਲ, ਬਲਕਾਰ ਸਿੰਘ ਭੋਖੜਾ, ਭੁਪਿੰਦਰ ਬਾਂਸਲ, ਬਿਕਰਮ ਸਿਂਘ ਧੀਂਗੜ, ਅਲਕਾ ਹਾਂਡਾ, ਹਰਜਿੰਦਰ ਕੌਰ, ਰਣਜੀਤ ਮਾਈਸਰਖਾਨਾ, ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਿਰ ਸਨ ।