ਬੁਢਲਾਡਾ ਕੌਂਸਲਰ ਦੀ ਪਤਨੀ ਵੱਲੋਂ ਐਸਐਸਪੀ ਮਾਨਸਾ ਨੂੰ ਅਪੀਲ, ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ
ਸੰਜੀਵ ਜਿੰਦਲ
ਮਾਨਸਾ , 18 ਜੂਨ 2021 : ਬੀਤੇ ਦਿਨ ਇੱਕ ਦਲਿਤ ਲੜਕੀ ਵੱਲੋਂ ਬੁਢਲਾਡਾ ਨਗਰ ਕੌਂਸਲ ਦੇ ਇੱਕ ਕੌਂਸਲਰ ਤੋਂ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਦੇ ਬਿਆਨਾਂ 'ਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕੌਂਸਲਰ ਪ੍ਰੇਮ ਗਰਗ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਬੀਤੇ ਕੱਲ੍ਹ ਕੌਂਸਲਰ ਪ੍ਰੇਮ ਗਰਗ ਦੀ ਪਤਨੀ ਮੀਨਾ ਰਾਣੀ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੇ ਇੱਕ ਬੇਨਤੀ ਪੱਤਰ 'ਚ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬੇਨਤੀ ਕਰਤਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਉਸਦੇ ਪਤੀ ਨੂੰ ਅਪਮਾਨਿਤ ਕਰਨ ਲਈ ਕਈ ਵਾਰ ਇਸ ਤਰ੍ਹਾਂ ਦੇ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਉਸਦੇ ਪਤੀ ਨੇ ਪਿਛਲੀਆਂ ਨਗਰ ਕੌਂਸਲ ਚੋਣਾਂ 'ਚ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਕਾਫੀ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਅਤੇ ਪ੍ਰਧਾਨਗੀ ਦੀ ਚੋਣ 'ਚ ਵੀ ਉਸਨੇ ਕਾਂਗਰਸ ਦੇ ਉਮੀਦਵਾਰ ਦੇ ਉਲਟ ਵੋਟ ਪਾਈ ਸੀ, ਜਿਸ ਕਾਰਨ ਵਿਰੋਧੀ ਕਾਂਗਰਸ ਪਾਰਟੀ ਉਸ ਦੇ ਪਤੀ ਨਾਲ ਰੰਜ਼ਿਸ਼ ਰੱਖਦੀ ਸੀ। ਜਿਸਦੇ ਤਹਿਤ ਉਸ ਦੇ ਪਤੀ ਦੇ ਵਿਰੋਧੀ ਅਤੇ ਕਾਂਗਰਸ ਪਾਰਟੀ ਵੱਲੋਂ ਦਲਿਤ ਲੜਕੀ ਤੋਂ ਅਜਿਹੇ ਗਲਤ ਬਿਆਨ ਕਰਵਾ ਕੇ ਉਸ ਦੇ ਪਤੀ ਖਿਲਾਫ ਝੂਠਾ ਮਾਮਲਾ ਦਰਜ ਕਰਾਇਆ ਹੈ, ਜਿਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।