ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਅਹਿਮ ਮੀਟਿੰਗ ਜਥੇਦਾਰ ਬ੍ਰਹਮਪੁਰਾ ਤੇ ਢੀਂਡਸਾ ਦੀ ਅਗਵਾਈ `ਚ ਹੋਈ
- ਪਾਰਟੀ ਦੀ ਚੜ੍ਹਦੀ- ਕਲਾ ਅਤੇ ਸਰਬੱਤ ਦੇ ਭਲੇ ਲਈ ਸਮੂਹ ਆਗੂ ਤੇ ਵਰਕਰ 21 ਜੂਨ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ
ਚੰਡੀਗੜ੍ਹ, 18 ਜੂਨ 2021: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ। ਇਸ ਉਪਰੰਤ ਸਮੂਹ ਆਗੂਆਂ ਨੇ ਕਿਸਾਨ ਅੰਦੋਲਨ ਦੀ ਕਾਮਯਾਬੀ ਲਈ ਅਰਦਾਸ ਕੀਤੀ ਅਤੇ ਕੇਂਦਰ ਸਰਕਾਰ ਨੂੰ ਸ਼ਹੀਦ ਕਿਸਾਨਾਂ ਨੂੰ 50 ਲੱਖ ਰੁਪਏ ਮੁਆਵਜਾ ਦੇਣ ਦੀ ਮੰਗ ਕੀਤੀ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੂੰ 21 ਜੂਨ ਨੂੰ ਪਾਰਟੀ ਦੀ ਚੜ੍ਹਦੀ- ਕਲਾ ਅਤੇ ਸਰਬੱਤ ਦੇ ਭਲੇ ਲਈ ਦੁਪਹਿਰ ਇੱਕ ਵਜੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਕੇ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਮੂਹ ਆਗੂਆਂ ਨੂੰ ਪਾਰਟੀ ਦੀ ਮਜਬੂਤੀ ਲਈ ਤਨਦੇਹੀ ਨਾਲ ਡਟ ਕੇ ਕਾਰਜਸ਼ੀਲ ਹੋਣ ਲਈ ਪ੍ਰੇਰਿਆ ਅਤੇ ਬੂਥ ਪੱਧਰ ਤੱਕ ਵਰਕਰਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ।
ਇਸ ਮੌਕੇ `ਤੇ ਸ: ਸੁਖਦੇਵ ਸਿੰਘ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਦੇ ਲੋਕਾਂ ਲਈ ਇੱਕ ਮਜਬੂਤ ਚੌਥਾ ਬਦਲ ਤਿਆਰ ਕਰਕੇ ਦਿੱਤਾ ਜਾਵੇਗਾ ਤਾਂ ਜੋ ਭਾਜਪਾ, ਕਾਂਗਰਸ ਅਤੇ ਬਾਦਲ ਦਲ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਬਿਹਤਰੀ ਲਈ ਮਜਬੂਤ ਚੌਥੇ ਫਰੰਟ ਦੀ ਲੋੜ ਹੈ। ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਘਪਲਿਆਂ ਦੀ ਪੰਡ ਬਣ ਚੁੱਕੀ ਹੈ। ਪੋਸਟ ਮੈਟ੍ਰਿਕ ਸਕਾਲਰਸਿ਼ਪ ਘਪਲਾ, ਕੋਰੋਨਾ ਵੈਕਸੀਨ ਘਪਲਾ, ਫ਼ਤਿਹ ਕਿੱਟ ਘਪਲਾ, ਸਟੈਂਪ ਡਿਉਟੀ ਘਪਲਿਆਂ ਤੋਂ ਇਲਾਵਾ ਸੂਬੇ ਦੇ ਕੱਚੇ ਅਧਿਆਪਕਾਂ/ ਮੁਲਾਜ਼ਮਾਂ ਨਾਲ ਹੋ ਰਹੀ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੱਤੀ ਹੈ। ਸ: ਢੀਂਡਸਾ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਦੀ ਸਰਕਾਰ ਆਉਣ `ਤੇ ਇਨ੍ਹਾ ਸਾਰੇ ਘਪਲਿਆਂ ਦੀ ਨਿਰਪੱਖ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਈਆਂ ਜਾਣਗੀਆਂ।
ਇਸ ਮੌਕੇ `ਤੇ ਬੋਲਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਪੰਜਾਬ ਸਰਕਾਰ ਨੇ ਬੀਤੇ ਸਾਢੇ ਚਾਰ ਸਾਲਾਂ ਦੌਰਾਨ ਨਾ ਤਾਂ ਵਿਕਾਸ ਹੀ ਕੀਤਾ ਅਤੇ ਨਾ ਹੀ ਚੋਣਾਂ ਵੇਲੇ ਕੀਤੇ ਹੋਏ ਵਾਅਦੇ ਪੂਰੇ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ਾ ਸਰੇਆਮ ਵਿਕ ਰਿਹਾ ਹੈ ਅਤੇ ਮਾਫੀਆ ਰਾਜ ਦਾ ਬੋਲਬਾਲਾ ਹੈ। ਉਨ੍ਹਾ ਕਿਹਾ ਕਿ ਡੀਜ਼ਲ, ਪੈਟਰੋਲ, ਬਿਜਲੀ ਦੀਆਂ ਦਰਾਂ ਅਤੇ ਘਰੇਲੂ ਵਸਤਾਂ ਦੇ ਰੇਟ ਦੇ ਬੇਲੋੜੇ ਵਾਧੇ ਖਿ਼ਲਾਫ਼ ਪਾਰਟੀ ਵੱਲੋਂ ਮੁਹਿੰਮ ਵਿੱਢੀ ਜਾਵੇਗੀ।
ਇਸ ਮੀਟਿੰਗ ਵਿੱਚ ਸ: ਜਗਦੀਸ਼ ਸਿੰਘ ਗਰਚਾ, ਸ: ਬੀਰ ਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ, ਜਸਟਿਸ ਨਿਰਮਲ ਸਿੰਘ, ਸ: ਸੁਖਵਿੰਦਰ ਸਿੰਘ ਔਲਖ, ਜਥੇਦਾਰ ਰਣਜੀਤ ਸਿੰਘ ਤਲਵੰਡੀ, ਸ: ਨਿਧੜਕ ਸਿੰਘ ਬਰਾੜ, ਸ: ਕਰਨੈਲ ਸਿੰਘ ਪੀਰ ਮੁਹੰਮਦ, ਸ: ਮਨਮੋਹਨ ਸਿੰਘ ਸਠਿਆਲਾ, ਸ: ਤੇਜਿੰਦਰਪਾਲ ਸਿੰਘ ਸੰਧੂ, ਸ: ਸੁਖਵੰਤ ਸਿੰਘ ਸਰਾਓ, ਜਥੇਦਾਰ ਮੱਖਣ ਸਿੰਘ ਨੰਗਲ, ਸ: ਅਵਤਾਰ ਸਿੰਘ ਜੌਹਲ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਸ: ਹਰਪ੍ਰੀਤ ਸਿੰਘ ਗਰਚਾ, ਸ: ਹਰਸੁਖਇੰਦਰ ਸਿੰਘ (ਬੱਬੀ ਬਾਦਲ), ਭਾਈ ਮੋਹਕਮ ਸਿੰਘ, ਸ: ਰਵਿੰਦਰ ਸਿੰਘ ਬ੍ਰਹਮਪੁਰਾ, ਸ: ਛਿੰਦਰਪਾਲ ਸਿੰਘ ਬਰਾੜ ਅਤੇ ਸ: ਬਰਜਿੰਦਰ ਸਿੰਘ ਹੁਸੈਨਪੁਰ ਤੋਂ ਇਲਾਵਾ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਆਦਿ ਮੌਜੂਦ ਸਨ।