ਡੀ.ਸੀ. ਦਫ਼ਤਰ ਕਾਮਿਆਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਗਈ ਸੰਕੇਤਕ ਭੁੱਖ ਹੜਤਾਲ
ਹਰੀਸ਼ ਕਾਲੜਾ
ਰੂਪਨਗਰ 18 ਜੂਨ 2021 : ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਬੀਤੇ ਦਿਨੀ ਸਮੂਹ ਜਿਲ੍ਹਿਆਂ ਦੇ ਅਹੁੱਦੇਦਾਰਾਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ ਅਤੇ ਫੈਸਲਾ ਲਿਆ ਗਿਆ ਕਿ ਡੀ.ਸੀ. ਦਫ਼ਤਰ ਕਾਮਿਆਂ ਦਾ ਜੋ ਸੰਘਰਸ਼ ਚੱਲ ਰਿਹਾ ਹੈ ਉਹ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇ ਕਿਉਂਕਿ ਮਾਲ ਮੰਤਰੀ ਪੰਜਾਬ ਵੱਲੋਂ 09 ਜੂਨ 2021 ਦੀ ਮੀਟਿੰਗ ਵਿੱਚ ਦਿੱਤੇ ਗਏ ਭਰੋਸੇ ਦੀ ਦਿਸ਼ਾ ਵਿੱਚ ਅਜੇ ਤੱਕ ਕੋਈ ਵੀ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਵੱਲੋਂ ਹੋਰ ਮੰਗਾਂ ਦੇ ਨਾਲ-ਨਾਲ ਇਹ ਵੀ ਭਰੋਸਾ ਦਵਾਇਆ ਗਿਆ ਸੀ ਕਿ ਡੀ.ਸੀ. ਦਫ਼ਤਰਾਂ ਵਿੱਚ ਰੁੱਕੀਆਂ ਹੋਈਆਂ ਪ੍ਰਮੋਸ਼ਨਾਂ ਦੇ ਸਬੰਧ ਵਿੱਚ ਇੱਕ ਹਫ਼ਤੇ ਦੇ ਅੰਦਰ ਕਾਰਵਾਈ ਮੁਕੰਮਲ ਕਰਵਾ ਦਿੱਤੀ ਜਾਵੇਗੀ ਪਰੰਤੂ 16 ਜੂਨ 21 ਨੂੰ ਇੱਕ ਹਫ਼ਤੇ ਦਾ ਸਮਾਂ ਪੂਰਾ ਹੋ ਜਾਣ ਦੇ ਬਾਵਜੂਦ ਵੀ ਪ੍ਰਮੋਸ਼ਨਾਂ ਦਾ ਮਸਲਾ ਉਵੇਂ ਦਾ ਉਵੇਂ ਹੀ ਖੜਿਆ ਪਿਆ ਹੈ।
ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਸਰਕਾਰ ਵੱਲੋਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਲਾਰਾ ਲਾਉਣ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ। ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਡੀ.ਸੀ. ਦਫ਼ਤਰ ਕਾਮਿਆਂ ਵੱਲੋਂ ਸੰਕੇਤਕ ਭੁੱਖ ਹੜਤਾਲ ਕਰਦੇ ਹੋਏ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਆਪਣਾ ਰੋਸ ਪ੍ਰਗਟਾਇਆ ਗਿਆ। ਇਸ ਤੋਂ ਇਲਾਵਾ 21 ਜੂਨ 2021 ਨੂੰ ਵੀ ਇਹ ਸੰਕੇਤਕ ਭੁੱਖ ਹੜਤਾਲ ਅਤੇ ਰੋਸ ਰੈਲੀਆਂ ਇਸੇ ਪ੍ਰਕਾਰ ਜਾਰੀ ਰਹਿਣਗੀਆਂ। ਜਿਨ੍ਹਾਂ ਕਮਿਸ਼ਨਰ ਦਫ਼ਤਰਾਂ ਵਿੱਚ ਸੁਪਰਡੈਂਟਾਂ ਦੀ ਪ੍ਰਮੋਸ਼ਨ ਲਈ ਪੈਨਲ ਭੇਜਣ ਵਿੱਚ ਜਾਣ ਬੁਝ ਕੇ ਰੋੜਾ ਅੜਕਾਇਆ ਜਾ ਰਿਹਾ ਹੈ ਉਨ੍ਹਾਂ ਦੇ ਸਾਹਮਣੇ ਵੀ ਭੁੱਖ ਹੜਤਾਲ ਅਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਪੀ.ਐਸ.ਐਮ.ਐਸ.ਯੂ. ਵੱਲੋਂ ਸਰਕਾਰ ਵਿਰੁੱਧ ਦਿੱਤੇ ਗਏ ਐਕਸ਼ਨ ਤਹਿਤ 22 ਜੂਨ ਨੂੰ ਸਾਰੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਕਾਮੇ ਡਿਊਟੀਆਂ ਦਾ ਬਾਈਕਾਟ ਕਰਨਗੇ ਅਤੇ ਮਿਤੀ 23 ਤੋਂ 27 ਤੱਕ ਕਲਮਛੋੜ ਹੜਤਾਲ ਤੇ ਰਹਿਣਗੇ। ਜੇਕਰ ਸਰਕਾਰ ਵੱਲੋਂ ਫਿਰ ਵੀ ਕਰਮਚਾਰੀਆਂ ਦੀ ਮੰਗਾਂ ਵੱਲੋਂ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੀ ਕਿ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਜਨਰਲ ਸਕੱਤਰ ਮਲਕੀਤ ਸਿੰਘ, ਮਨੋਜ ਕੁਮਾਰ, ਗੁਰਿੰਦਰ ਸਿੰਘ, ਬੁੱਧ ਸਿੰਘ, ਮਹੇਸ਼ ਜੋਸ਼ੀ, ਜਸਪ੍ਰੀਤ ਸਿੰਘ, ਕਰਮਵੀਰ ਸਿੰਘ, ਦਿਨੇਸ਼ ਜੈਨ, ਹਰਮੀਤ ਸਿੰਘ, ਪੂਰਨ ਕੁਮਾਰ, ਪ੍ਰਭਜੋਤ ਸਿੰਘ, ਨਿਤਿਨ ਸ਼ਰਮਾ, ਜਤਿੰਦਰ ਸਿੰਘ, ਜਸਬੀਰ ਸਿੰਘ, ਰਾਜਨ ਗੁਪਤਾ, ਕੰਵਲਜੀਤ ਸਿੰਘ, ਦੀਪਕ ਰਾਵਤ, ਅੰਜੂ ਬਾਲਾ, ਬਲਜੀਤ ਕੌਰ, ਹਰਪਾਲ ਕੌਰ, ਕਮਲੇਸ਼ ਰਾਣੀ, ਹਰਪ੍ਰੀਤ ਕੌਰ, ਰਾਜੀ ਰਾਣੀ, ਹਰਮਨਜੀਤ ਕੌਰ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਰਮਨ, ਜਸਵਿੰਦਰ ਕੌਰ ਆਦਿ ਮੁੱਖ ਤੌਰ ਤੇ ਹਾਜ਼ਰ ਰਹੇ।