ਕਲੈਰੀਕਲ ਕਾਮਿਆਂ ਵੱਲੋਂ ਕੈਪਟਨ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਖਿਲਾਫ ਕੀਤੀਆਂ ਗਈਆਂ ਗੇਟ ਰੈਲੀਆਂ ਅਤੇ ਭੁੱਖ ਹੜਤਾਲ
ਗੌਰਵ ਮਾਣਿਕ
- ਲੰਬੇ ਸਮੇ ਤੋ ਲਟਕ ਰਹੀਆਂ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ -- ਪ੍ਰਧਾਨ ਮਨੋਹਰ ਲਾਲ
- 23 ਜੂਨ ਤੋਂ 27 ਜੂਨ ਤੱਕ ਪੰਜ ਰੋਜ਼ਾ ਕਲਮ ਛੋੜ ਹੜਤਾਲ ਕਰਕੇ ਸਰਕਾਰੀ ਕੰਮ ਕਾਜ ਠੱਪ ਕੀਤਾ ਜਾਵੇਗਾ ---ਓਮ ਪ੍ਰਕਾਸ਼ ਰਾਣਾ
ਫਿਰੋਜ਼ਪੁਰ 18 ਜੂਨ 2021 - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਸੰਘਰਸ਼ ਦੇ ਸੱਦੇ ਤਹਿਤ ਕਲੈਰੀਕਲ ਕਾਮਿਆਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਕ ਵਿਚ ਅਤੇ ਕੈਪਟਨ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੇ ਖਿਲਾਫ ਗੇਟ ਰੈਲੀਆਂ ਕਰਕੇ
ਆਪਣੇ ਰੋਸ ਦਾ ਮੁਜ਼ਾਹਾ ਕੀਤਾ ਜਾ ਰਿਹਾ ਹੈ । ਇਸ ਸੰਘਰਸ਼ ਦੀ ਕੜੀ ਤਹਿਤ ਅੱਜ ਪੀ.ਐਸ.ਐਮ.ਐਸ.ਯੂ. ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਸਥਾਨਕ ਕੰਪਲੈਕਸ ਵਿਚ ਭਰਵੀ ਗੇਟ ਰੈਲੀ ਕੀਤੀ ਗਈ । ਜਿਸ ਵਿੱਚ ਲੋਕ ਨਿਰਮਾਣ ਵਿਭਾਗ, ਖਜ਼ਾਨਾ ਦਫਤਰ, ਐਸ.ਡੀ.ਐਮ. ਦਫਤਰ, ਫੂਡ ਸਪਲਾਈ ਵਿਭਾਗ, ਆਈ.ਟੀ.ਆਈ. ਆਦਿ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਭਾਗ ਲੈ ਕੇ ਕੈਪਟਨ ਸਰਕਾਰ ਖਿਲਾਫ ਜ਼ਬਰਦਸਤ ਨਾਹਰੇਬਾਜ਼ੀ ਕੀਤੀ ।
ਇਸ ਗੇਟ ਰੈਲੀ ਦੌਰਾਨ ਕਲੈਰੀਕਲ ਕਾਮਿਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ, ਪਿੱਪਲ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ., ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਸੋਨਾ ਸਿੰਘ ਫੂਡ ਸਪਲਾਈ, ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਅਸ਼ੋਕ ਕੁਮਾਰ ਪ੍ਰਧਾਨ ਕਮਿਸ਼ਨਰ ਦਫਤਰ, ਅਮਨਦੀਪ ਸਿੰਘ ਖਜ਼ਾਨਾ ਦਫਤਰ, ਗਗਨਦੀਪ ਸਿੰਘ ਆਈ.ਟੀ.ਆਈ, ਸੋਨਾ ਸਿੰਘ ਅਤੇ ਗੋਵਿੰਦ ਮੁਟਨੇਜਾ ਫੂਡ ਸਪਲਾਈ ਵਿਭਾਗ, ਗੁਰਪ੍ਰੀਤ ਸਿੰਘ ਸੋਢੀ ਕਰ ਅਤੇ ਆਬਕਾਰੀ ਵਿਭਾਗ, ਸੁਖਚੈਨ ਸਿੰਘ ਖੇਤੀਬਾੜੀ ਵਿਭਾਗ, ਵਰੁਣ ਕੁਮਾਰ ਸਿੱਖਿਆ ਵਿਭਾਗ, ਗੌਰਵ ਅਰੋੜਾ ਅਤੇ ਸ਼ਿਵਾਲ ਖੰਨਾ ਲੋਕ ਨਿਰਮਾਣ ਵਿਭਾਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਮੁਲਾਜ਼ਮ ਵਰਗ ਨੂੰ ਲਾਰੇ ਲਾ ਕੇ ਹੀ ਡੰਗ ਟਪਾਇਆ ਜਾ ਰਿਹਾ ਹੈ ।
ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦਾ ਭਾਰੀ ਆਰਥਿਕ ਨੁਕਸਾਨ ਕੀਤਾ ਗਿਆ ਹੈ ਅਤੇ ਕੁਝ ਦੇਣ ਦੀ ਬਜਾਏ ਪਹਿਲਾਂ ਮਿਲ ਰਹੀਆਂ ਸਹੂਲਤਾਂ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਮੁਲਾਜ਼ਮ ਵਰਗ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ । ਉਕਤ ਮੁਲਾਜ਼ਮ ਆਗੂਆਂ ਨੇ ਕਿਹਾ ਪੇ ਕਮਿਸ਼ਨ ਦੀ ਰਿਪੋਰਟ ਮਿਤੀ: 01-01-2016 ਤੋਂ ਲਾਗੂ ਕਰਵਾਉਣ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਤੁਰੰਤ ਰਲੀਜ਼ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਲੰਬੇ ਸਮੇ ਤੋ ਲਟਕ ਰਹੀਆਂ ਹੋਰ ਮੰਗਾਂ ਦੀ ਪੂਰਤੀ ਕਰਵਾਉਣ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੇ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਦਾ ਪੰਜਾਬ ਦਾ ਸਮੁੱਚਾ ਕਲੈਰੀਕਲ ਕਾਮਾ 22 ਜੂਨ ਨੂੰ ਸਰਕਾਰੀ ਦਫਤਰਾਂ ਦਾ ਬਾਈਕਾਟ ਕਰੇਗਾ ਅਤੇ 23 ਜੂਨ ਤੋਂ 27 ਜੂਨ ਤੱਕ ਪੰਜ ਰੋਜ਼ਾ ਕਲਮ ਛੋੜ ਹੜਤਾਲ ਕਰਕੇ ਸਰਕਾਰੀ ਕੰਮ ਕਾਜ ਠੱਪ ਕੀਤਾ ਜਾਵੇਗਾ । ਇਸ ਮੌਕੇ ਇਕੱਠੇ ਹੋਏ ਕਰਮਚਾਰੀਆਂ ਨੇ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਖਿਲਾਫ ਜੰਮ ਕੇ ਨਾਹਰਬਾਜ਼ੀ ਕੀਤੀ ।