ਅਮਰੀਕਾ: ਐਰੀਜ਼ੋਨਾ ਵਿੱਚ ਗੋਲੀਬਾਰੀ, 1 ਮੌਤ ਅਤੇ 12 ਜ਼ਖਮੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਐਰੀਜ਼ੋਨਾ ਦੇ ਪੱਛਮੀ ਵੈਲੀ ਖੇਤਰ ਵਿੱਚ ਵੀਰਵਾਰ ਨੂੰ ਇੱਕ ਬੰਦੂਕਧਾਰੀ ਵਿਅਕਤੀ ਦੁਆਰਾ ਕੀਤੀ ਗਈ ਗੋਲੀਬਾਰੀ ਦੀ ਲੜੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਅਤੇ ਪੁਲਿਸ ਦਾ ਇਹ ਮੰਨਣਾ ਹੈ ਕਿ ਵੱਖ ਵੱਖ ਥਾਵਾਂ 'ਤੇ ਹੋਈ ਗੋਲੀਬਾਰੀ ਪਿੱਛੇ ਇਸ ਇੱਕ ਵਿਅਕਤੀ ਦਾ ਹੀ ਹੱਥ ਹੈ।
ਪਿਓਰੀਆ ਪੁਲਿਸ ਵਿਭਾਗ ਅਨੁਸਾਰ ਸਵੇਰੇ ਕਰੀਬ 11 ਵਜੇ, ਐਰੀਜ਼ੋਨਾ ਦੇ ਪਿਓਰੀਆ ਵਿੱਚ ਪੁਲਿਸ ਅਧਿਕਾਰੀਆਂ ਨੇ ਇੱਕ ਚਿੱਟੇ ਰੰਗ ਦੀ ਐਸ ਯੂ ਵੀ ਵਿੱਚ ਸਵਾਰ ਇੱਕ ਵਿਅਕਤੀ ਦੁਆਰਾ ਗੋਲੀਬਾਰੀ ਕਰਨ ਦੀ ਸੂਚਨਾ 'ਤੇ ਕਾਰਵਾਈ ਕਰਦਿਆਂ ਅਗਲੇ ਡੇਢ ਘੰਟੇ ਵਿੱਚ, ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਪਰ ਉਸ ਤੋਂ ਪਹਿਲਾਂ ਉਸਨੇ ਘੱਟੋ ਘੱਟ ਸੱਤ ਥਾਵਾਂ ‘ਤੇ ਗੋਲੀਆਂ ਚਲਾਈਆਂ। ਪੁਲਿਸ ਅਨੁਸਾਰ ਇਸ ਸ਼ੱਕੀ ਵਿਅਕਤੀ ਦੇ ਵਾਹਨ ਵਿਚੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ।
ਇਸ ਗੋਲੀਬਾਰੀ ਦੌਰਾਨ ਮ੍ਰਿਤਕ ਪੀੜਤ ਸਮੇਤ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ, ਅਤੇ 9 ਹੋਰ ਲੋਕ ਜ਼ਖਮੀ ਹੋ ਗਏ। ਹਾਲਾਂਕਿ ਪੁਲਿਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਬਾਕੀ 9 ਵਿਅਕਤੀ ਜ਼ਖਮੀ ਕਿਵੇਂ ਹੋਏ, ਪਰ 12 ਜਖਮੀ ਪੀੜਤਾਂ ਦੇ ਠੀਕ ਹੋਣ ਦੀ ਉਮੀਦ ਹੈ। ਪੁਲਿਸ ਅਧਿਕਾਰੀਆਂ ਨੇ ਘਟਨਾ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਥਾਨਕ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਵਿਭਾਗ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।