ਜੋਅ ਬਾਈਡਨ ਨੇ 19 ਜੂਨ ਨੂੰ ਫੈਡਰਲ ਛੁੱਟੀ ਬਣਾਉਣ ਵਾਲੇ ਬਿਲ ਉੱਤੇ ਕੀਤੇ ਦਸਤਖਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਇੱਕ ਅਜਿਹੇ ਬਿਲ ਉੱਤੇ ਦਸਤਖਤ ਕੀਤੇ ਹਨ, ਜਿਸ ਨਾਲ ਅਮਰੀਕਾ ਵਿੱਚ ਗੁਲਾਮੀ ਦੇ ਅੰਤ ਦੀ ਯਾਦ ਦਿਵਾਉਣ ਵਾਲੀ 19 ਜੂਨ ਨੂੰ ਫੈਡਰਲ (ਰਾਸ਼ਟਰੀ) ਛੁੱਟੀ ਵਜੋਂ ਮਨਜੂਰੀ ਮਿਲੀ ਹੈ। ਜੂਨ ਇੰਡਿਪੇਡੈਂਟ ਡੇਅ ਐਕਟ, ਬਿਲ ਨੂੰ ਬੁੱਧਵਾਰ ਨੂੰ ਸਦਨ ਅਤੇ ਮੰਗਲਵਾਰ ਨੂੰ ਸੈਨੇਟ ਦੁਆਰਾ ਪਾਸ ਕਰਨ ਤੋਂ ਬਾਅਦ ਬਾਈਡੇਨ ਦੇ ਡੈਸਕ 'ਤੇ ਭੇਜਿਆ ਗਿਆ ਸੀ। 14 ਰਿਪਬਲਿਕਨਾਂ ਨੇ ਸਦਨ ਵਿੱਚ ਇਸਦਾ ਵਿਰੋਧ ਕੀਤਾ, ਜਦੋਂ ਕਿ ਇਹ ਸੈਨੇਟ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ ਸੀ।
ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਇਸ ਦਿਨ ਨੂੰ ਨਵੀਂ ਕੌਮੀ ਛੁੱਟੀ ਵਜੋਂ ਸਥਾਪਤ ਕੀਤਾ ਜਾਂਦਾ ਹੈ। 19 ਜੂਨ 1865 ਨੂੰ ਗੈਲਵਸਟਨ, ਟੈਕਸਾਸ ਦੇ ਅਖੀਰਲੇ ਗੁਲਾਮ ਆਜ਼ਾਦ ਹੋਏ ਸਨ ਜਦੋਂ ਰਾਸ਼ਟਰਪਤੀ ਲਿੰਕਨ ਨੇ ਮੁਕਤੀ ਘੋਸ਼ਣਾ ਪੱਤਰ 'ਤੇ ਦਸਤਖਤ ਕੀਤੇ ਸਨ, ਜਿਸ ਨੇ ਕਨਫੈਡਰੇਟ ਰਾਜਾਂ ਦੇ ਸਾਰੇ ਗੁਲਾਮਾਂ ਨੂੰ ਰਿਹਾ ਕੀਤਾ ਸੀ। ਬਾਈਡੇਨ ਨੇ ਨਵੀਂ ਛੁੱਟੀ ਨੂੰ ਇੱਕ ਸ਼ਕਤੀ ਦੱਸਿਆ ਅਤੇ ਕਿਹਾ ਕਿ ਅਮਰੀਕੀ ਲੋਕ ਇਸ ਦਿਨ ਦੀ ਤਾਕਤ ਨੂੰ ਮਹਿਸੂਸ ਕਰਨ ਅਤੇ ਇਤਿਹਾਸ ਤੋਂ ਸਿੱਖਣ।
ਇਸ ਮੌਕੇ ਕਾਂਗਰਸ ਦੇ ਲੱਗਭਗ 80 ਮੈਂਬਰ, ਕਮਿਊਨਿਟੀ ਲੀਡਰ, ਸਥਾਨਕ ਅਧਿਕਾਰੀ ਅਤੇ ਕਾਰਕੁੰਨ, ਜਿਸ ਵਿੱਚ 93 ਸਾਲਾ ਓਪਲ ਲੀ ਵੀ ਸ਼ਾਮਲ ਹੈ,ਵ੍ਹਾਈਟ ਹਾਊਸ ਦੇ ਦਸਤਖਤ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਵਿਚ ਨਸਲੀ ਬਰਾਬਰੀ ਲਿਆਉਣ ਦਾ ਕੰਮ ਹਾਲੇ ਖ਼ਤਮ ਨਹੀਂ ਹੋਇਆ ਹੈ, ਇਸ ਲਈ ਉਹਨਾਂ ਰਿਹਾਇਸ਼ੀ ਕਾਨੂੰਨਾਂ, ਬੱਚਿਆਂ ਦੀ ਦੇਖਭਾਲ, ਸਿੱਖਿਆ ਅਤੇ ਵੋਟ ਪਾਉਣ ਦੇ ਅਧਿਕਾਰਾਂ ਵੱਲ ਧਿਆਨ ਦੇਣ ਦੀ ਲੋੜ ਹੈ।19 ਜੂਨ ਦਾ ਦਿਨ, ਜਿਸ ਨੂੰ ਮੁਕਤੀ ਦਿਵਸ ਜਾਂ ਸੁਤੰਤਰਤਾ ਦਿਵਸ ਵੀ ਕਿਹਾ ਜਾਂਦਾ ਹੈ, ਦੇਸ਼ ਦੀ 12 ਵੀਂ ਸੰਘੀ ਛੁੱਟੀ ਬਣਿਆ ਹੈ। ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਦੀ 1983 ਵਿੱਚ ਸਥਾਪਨਾ ਤੋਂ ਬਾਅਦ ਪਹਿਲੀ ਨਵੀਂ ਫੈਡਰਲ ਛੁੱਟੀ ਹੈ।