ਕੋਰੋਨਾ ਪੀੜਤਾਂ ਦੀ ਸਹਾਇਤਾ ਕਰਕੇ ਮਨਾਇਆ ਰਾਹੁਲ ਗਾਂਧੀ ਦਾ ਜਨਮ ਦਿਨ
ਅਸ਼ੋਕ ਵਰਮਾ
- ਕੋਵਿਡ ਸੈਂਟਰ ਨੂੰ ਫਲ, ਸਬਜ਼ੀਆਂ ਅਤੇ ਰਾਸ਼ਨ ਦਿੱਤਾ
ਬਠਿੰਡਾ ,19 ਜੂਨ 2021:ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸ਼੍ਰੀ ਰਾਹੁਲ ਗਾਂਧੀ ਦਾ ਜਨਮ ਦਿਨ ਅੱਜ ਇੱਥੋਂ ਦੇ ਮੈਰੀਟੋਰੀਅਸ ਸਕੂਲ ’ਚ ਸਥਾਨਕ ਕਾਂਗਰਸੀ ਆਗੂਆਂ ਵੱਲੋਂ ਕੋਵਿਡ ਪੀੜਤਾਂ ਲਈ ਰਾਸ਼ਨ, ਫਲ ਤੇ ਸਬਜ਼ੀਆਂ ਆਦਿ ਭੇਂਟ ਕਰਕੇ ਮਨਾਇਆ ਗਿਆ। ਕੋਰੋਨਾ ਸੰਕਟ ਕਾਰਨ ਇਸ ਵਾਰ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਇਕੱਠ ਨਹੀਂ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਦਾ ਜਨਮ ਦਿਨ ਮੈਰੀਟੋਰੀਅਸ ਸਕੂਲ ’ਚ ਸਥਿਤ ਕੋਵਿਡ ਕੇਅਰ ਸੈਂਟਰ ’ਚ ਮਰੀਜ਼ਾਂ ਲਈ ਰਾਸ਼ਨ, ਫਲ, ਸਬਜ਼ੀਆਂ ਅਤੇ ਹੋਰ ਸਮਾਨ ਭੇਂਟ ਕੀਤਾ।
ਇਸ ਮੌਕੇ ਕਾਂਗਰਸ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ, ਮੇਅਰ ਰਮਨ ਗੋਇਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ. ਕੇ. ਅਗਰਵਾਲ, ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਪਵਨ ਮਾਨੀ, ਅਨਿਲ ਭੋਲਾ ਨੇ ਕਿਹਾ ਕਿ ਰਾਹੁਲ ਗਾਂਧੀ ਦੂਰਅੰਦੇਸ਼ੀ ਸੋਚ ਦੇ ਨੌਜਵਾਨ ਆਗੂ ਹਨ ਜਿਨ੍ਹਾਂ ਤੋਂ ਦੇਸ਼ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਜਨਮਦਿਨ ਮੌਕੇ ਕਾਂਗਰਸ ਨੇ ਕੋਰੋਨਾ ਪੀਡ਼ਤਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਦੇ ਆਧਾਰ ਤੇ ਅੱਜ ਮੈਰੀਟੋਰੀਅਸ ਸਕੂਲ ਵਿੱਚ ਬਣੇ ਕੋਵਿਡ ਸੈਂਟਰ ਵਿੱਚ ਫ਼ਲ ਸਬਜ਼ੀਆਂ ਰਾਸ਼ਨ ਤੇ ਹੋਰ ਸਾਮਾਨ ਦਿੱਤਾ ਗਿਆ।
ਇਸ ਮੌਕੇ ਸੰਦੀਪ ਬੌਬੀ, ਵਿਪਨ ਮੀਤੂ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ।