ਪ੍ਰਸਿੱਧ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਨੂੰ ਵੱਖ-ਵੱਖ ਵਿਦਵਾਨਾਂ ਵੱਲੋਂ ਸ਼ਰਧਾਂਜਲੀ ਭੇਟ
- ਪਰਵਾਸੀ ਸਾਹਿਤ ਅਧਿਅਨ ਕੇਂਦਰ ਲੁਧਿਆਣਾ ਵੱਲੋਂ ਅਯੋਜਿਤ ਕੀਤਾ ਗਿਆ ਸ਼ਰਧਾਜਲੀ ਵੈਬੀਨਾਰ
ਲੁਧਿਆਣਾ, 19 ਜੂਨ 2021 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਉੱਘੇ ਪਰਵਾਸੀ ਪੰਜਾਬੀ ਸਾਹਿਤ ਆਲੋਚਕ ਪ੍ਰਸਿੱਧ ਸਥਾਪਿਤ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਜੀ ਨੂੰ ਸ਼ਰਧਾਂਜਲੀ ਦੇਣ ਹਿੱਤ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਚਾਂਸਲਰ, ਦੇਸ਼/ਵਿਦੇਸ਼ ਦੀਆਂ ਸਾਹਿਤਕ ਸੰਸਥਾਵਾਂ ਦੇ ਅਹੁੱਦੇਦਾਰਾਂ, ਉਨ੍ਹਾਂ ਦੇ ਸਹਿਕਰਮੀਆਂ, ਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵੈਬੀਨਾਰ ਦੇ ਆਰੰਭ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਆਪਣੇ ਹੋਣਹਾਰ ਵਿਦਿਆਰਥੀ ਤੇ ਪਿਆਰੇ ਮਿੱਤਰ ਡਾ. ਹਰਚੰਦ ਸਿੰਘ ਬੇਦੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਡਾ. ਬੇਦੀ ਨੇ ਆਪਣੀ ਸਾਰੀ ਹਯਾਤੀ ਪਰਵਾਸੀ ਪੰਜਾਬੀ ਸਾਹਿਤ ਆਲੋਚਨਾ ਨੂੰ ਸਮਰਪਿਤ ਕੀਤੀ।
ਉਹ ਸਹੀ ਮਾਅਨਿਆਂ ਵਿੱਚ ਇੱਕ ਵਿਦਿਆਰਥੀ, ਆਲੋਚਕ, ਅਧਿਆਪਕ ਤੇ ਅਗਵਾਈ ਕਰਤਾ ਸਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉਨ੍ਹਾਂ ਨਾਲ ਜੁੜੀਆਂ ਆਪਣੀਆਂ ਕਈ ਨਿੱਜੀ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਜਿਥੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉੱਥੇ ਹੀ ਪਰਵਾਸੀ ਸਾਹਿਤ ਅਧਿਅਨ ਕੇਂਦਰ ਤੇ ਪਰਵਾਸੀ ਪੰਜਾਬੀ ਆਲੋਚਨਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਡਾ. ਜਗਬੀਰ ਸਿੰਘ ਚਾਂਸਲਰ ਸੈਂਟਰਲ ਯੂਨੀਵਰਸਿਟੀ ਬਠਿੰਡਾ ਪੰਜਾਬ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਹਰਮੰਦਰ ਸਿੰਘ ਬੇਦੀ ਚਾਂਸਲਰ ਸੈਂਟਰਲ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਨੇ ਵੀ ਉਨ੍ਹਾਂ ਦੇ ਜੀਵਨ ਤੇ ਸਾਹਿਤਕ ਸਫ਼ਰ ਤੇ ਚਾਨਣਾ ਪਾਇਆ।
ਵੱਖ-ਵੱਖ ਮੁਲਕਾਂ ਤੋਂ ਜੁੜੇ ਲੇਖਕਾਂ ਜਿਨ੍ਹਾਂ ਵਿਚ ਨਕਸ਼ਦੀਪ ਪੰਜਕੋਹਾ ਅਮਰੀਕਾ, ਪ੍ਰੋ. ਜਗੀਰ ਸਿੰਘ ਕਾਹਲੋਂ ਕੈਨੇਡਾ, ਮੋਹਨ ਗਿੱਲ ਕੈਨੇਡਾ, ਜਰਨੈਲ ਸਿੰਘ ਸੇਖਾ ਕੈਨੇਡਾ, ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ, ਡਾ. ਅੰਮ੍ਰਿਤਪਾਲ ਕੌਰ ਅਮਰੀਕਾ ਤੇ ਰਸਨਾ ਕੌਰ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ `ਤੇ ਇਸ ਵੈਬੀਨਾਰ ਵਿੱਚ ਸ਼ਿਰਕਤ ਕਰਕੇ ਡਾ. ਬੇਦੀ ਦੇ ਸਿਰੜ, ਸਾਧਨਾ ਨਾਲ ਕੀਤੇ ਗਏ ਕੰਮਾਂ ਤੇ ਭਵਿੱਖ ਵਿਚ ਖੋਜਾਰਥੀਆਂ ਲਈ ਉਨ੍ਹਾਂ ਦੀ ਅਹਿਮੀਅਤ ਸਾਂਝੀ ਕੀਤੀ। ਡਾ. ਬੇਦੀ ਦੇ ਵਿਦਿਆਰਥੀ ਡਾ. ਕੰਵਲਜੀਤ ਸਿੰਘ, ਡਾ. ਗੁਰਬੀਰ ਬਰਾਡ਼, ਡਾ. ਪਰਮਜੀਤ ਸਿੰਘ ਨੇ ਵੀ ਆਪਣੇ ਵਿਦਿਆਰਥੀ ਜੀਵਨ ਦੇ ਉਨ੍ਹਾਂ ਨਾਲ ਬਿਤਾਏ ਪਲ ਸਾਂਝੇ ਕੀਤੇ।
ਇਸ ਵੈਬੀਨਾਰ ਦਾ ਸੰਚਾਲਨ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀ ਕੋਆਰਡੀਨੇਟਰ ਡਾ. ਬੇਦੀ ਦੀ ਵਿਦਿਆਰਥਣ ਡਾ. ਤੇਜਿੰਦਰ ਕੌਰ ਨੇ ਕੀਤਾ। ਵੈਬੀਨਾਰ ਦੇ ਅਖ਼ੀਰ ਡਾ. ਬੇਦੀ ਦੇ ਭਰਾ ਸ. ਦਿਲਜੀਤ ਸਿੰਘ ਬੇਦੀ ਸਾਬਕਾ ਸਕੱਤਰ ਐੱਸ. ਜੀ. ਪੀ. ਸੀ. ਤੇ ਉਨ੍ਹਾਂ ਦੇ ਛੋਟੇ ਸਪੁੱਤਰ ਅੰਬਰਮੀਤ ਸਿੰਘ ਬੇਦੀ ਨੇ ਪਰਿਵਾਰ ਵੱਲੋਂ ਬਹੁਤ ਭਾਵੁਕਤਾ ਭਰੇ ਸ਼ਬਦ ਨਾਲ ਸਭ ਦਾ ਧੰਨਵਾਦ ਕੀਤਾ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਰਸਮੀ ਤੌਰ `ਤੇ ਸਭ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਭੁਪਿੰਦਰ ਸਿੰਘ ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ , ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ ਤੇ ਡਾ. ਹਰਪ੍ਰੀਤ ਸਿੰਘ ਦੂਆ ਇਸ ਮੌਕੇ ਹਾਜ਼ਰ ਰਹੇ।