← ਪਿਛੇ ਪਰਤੋ
ਦੋ ਹੋਰ ਕਾਂਗਰਸੀ ਵਿਧਾਇਕ ਕੈਬਨਿਟ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਦੇ ਖਿਲਾਫ ਨਿੱਤਰੇ ਚੰਡੀਗੜ੍ਹ, 19 ਜੂਨ, 2021: ਪੰਜਾਬ ਮੰਤਰੀ ਮੰਡਲ ਵੱਲੋਂ ਕੱਲ੍ਹ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਦੇ ਅਹੁਦੇ ’ਤੇ ਨੌਕਰੀਆਂ ਦੇਣ ਦੇ ਫੈਸਲੇ ਖਿਲਾਫ ਦੋ ਹੋਰ ਕਾਂਗਰਸੀ ਵਿਧਾਇਕ ਉੱਤਰ ਆਏ ਹਨ। ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਰਾਜਾ ਵੜਿੰਗ ਨੇ ਆਪੋ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਲਾਈਵ ਹੋ ਕੇ ਵਿਧਾਇਕਾਂ ਦੇ ਪੁੱਤਰਾਂ ਨੁੰ ਨੌਕਰੀਆਂ ਦੇਣ ਦੇ ਫੈਸਲੇ ਦਾ ਵਿਰੋਧ ਕੀਤਾ ਤੇ ਇਸਨੁੰ ਲੋਕ ਵਿਰੋਧ ਕਦਮ ਕਰਾਰ ਦਿੱਤਾ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਵਿਧਾਇਕ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਨੇੜੇ ਸਮਝੇ ਜਾਂਦੇ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਕੈਬਨਿਟ ਦੇ ਇਸ ਫੈਸਲੇ ਦਾ ਵਿਰੋਧ ਕਰ ਚੁੱਕੇ ਹਨ। ਹੁਣ ਇਹ ਮਾਮਲਾ ਕੀ ਕਰਵਟ ਲੈਂਦਾ ਹੈ, ਇਹ ਸਮਾਂ ਦੱਸੇਗਾ ਪਰ ਫਿਲਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੇ ਫੈਸਲੇ ’ਤੇ ਅਡਿੱਗ ਨਜ਼ਰ ਆਏ ਹਨ ਤੇ ਉਹਨਾਂ ਨੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ।
Total Responses : 863