ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੀ ਸੰਭਾਲ ਬਾਰੇ ਦੇਖੋ ਕੀ ਹੋਇਆ ਤਾਜ਼ਾ ਫ਼ੈਸਲਾ -ਕੌਣ ਰੱਖੇਗਾ ਨਿਗਰਾਨੀ ?
ਅਗਲੇ ਹੁਕਮਾਂ ਤੱਕ ਹੁਣ 24 ਘੰਟੇ ਰਹੇਗੀ ਪੁਲਿਸ , ਸਿਹਤ ਵਿਭਾਗ ਅਤੇ ਤੀਸਰੀ ਅੱਖ ਦੀ ਨਿਗਰਾਨੀ ਵਿੱਚ ਰਹੇਗੀ
ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੇ ਘਰ ਵਿੱਚ ਹੀ ਡੀ- ਫਰੀਜ਼ਰ ਵਿੱਚ ਰੱਖੀ
3 ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠਾਂ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦੀ ਕੀਤੀ ਜਾਵੇਗੀ ਹਾਈ ਕੋਰਟ ਦੇ ਅਗਲੇ ਆਦੇਸ਼ਾਂ ਤੱਕ ਸਾਮ ਸੰਭਾਲ
ਗੌਰਵ ਮਾਣਿਕ
ਫ਼ਿਰੋਜ਼ਪੁਰ 19 ਜੂਨ 2021 - ਗੈਂਗਸਟਰ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਨੂੰ ਘਰ ਵਿੱਚ ਹੀ ਰੱਖਣ ਦੇ ਪਰਿਵਾਰ ਦੇ ਫ਼ੈਸਲੇ ਅੱਗੇ ਆਖ਼ਿਰਕਾਰ ਜ਼ਿਲ੍ਹਾ ਪ੍ਰਸ਼ਾਸਨ ਝੁਕਦਾ ਦਿਖਾਈ ਦੇ ਰਿਹਾ ਹੈ , ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦੇ ਘਰ ਵਿੱਚ ਹੀ ਉਹਦੀ ਮ੍ਰਿਤਕ ਦੇਹ ਨੂੰ ਵੱਡੇ ਡੀ- ਫਰੀਜ਼ਰ ਵਿੱਚ ਰੱਖਣ ਦਾ ਇੰਤਜ਼ਾਮ ਕਰ ਦਿੱਤਾ ਹੈ । ਅੱਜ ਦੇਰ ਸ਼ਾਮ ਨੂੰ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਲਈ ਸਰਕਾਰੀ ਹਸਪਤਾਲ ਵਿਚੋਂ ਵੱਡਾ ਡੀਫਰੀਜ਼ਰ ਲਿਆ ਕੇ ਉਸਦੇ ਘਰ ਰੱਖ ਦਿੱਤਾ ਗਿਆ ਹੈ ਜਿਸ ਵਿੱਚ ਹੁਣ ਉਸ ਦੀ ਦੇਹ ਰੱਖੀ ਜਾਏਗੀ.
ਇਸ ਲਈ ਬਕਾਇਦਾ ਤਿੰਨ ਡਾਕਟਰਾਂ ਦੀ ਟੀਮ ਬਣਾਈ ਗਈ ਹੈ ਜਿਸ ਨੂੰ ਲੀਡ ਫ਼ਿਰੋਜ਼ਪੁਰ ਦੇ ਐਸਐਮਓ ਡਾ ਗੁਰਾਇਆ ਕਰਨਗੇ.
ਇਸ ਮੈਡੀਕਲ ਟੀਮ ਵੱਲੋਂ ਜੈਪਾਲ ਭੁੱਲਰ ਦੀ ਦੇਹ ਨੂੰ ਚੰਗੀ ਤਰ੍ਹਾਂ ਕਲੀਨ ਕਰਕੇ ਅਤੇ ਕੈਮੀਕਲ ਲਗਾ ਕੇ ਡੀ ਫਰੀਜ਼ਰ ਵਿੱਚ ਰੱਖਿਆ ਜਾ ਰਿਹਾ ਹੈ ਜਿਸ ਨਾਲ ਉਸਦੀ ਬਾਡੀ ਪੋਸਟਮਾਰਟਮ ਦੁਬਾਰਾ ਹੋਣ ਤੱਕ ਜਾਂ ਨਵੇਂ ਆਦੇਸ਼ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਉਂਦੇ ਹਨ ਉਦੋਂ ਤੱਕ ਉਸ ਨੂੰ ਸੰਭਾਲ ਕੇ ਰੱਖਿਆ ਜਾ ਸਕੇ .
ਇਸ ਲਈ ਬਕਾਇਦਾ ਇਕ ਕਰੇਨ ਨਾਲ ਵੱਡਾ ਡੀ ਫਰੀਜ਼ਰ ਜੋ ਕਿ ਜੈਪਾਲ ਭੁੱਲਰ ਘਰ ਲਿਆਂਦਾ ਗਿਆ ਹੈ .
ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਿਸ ਫ੍ਰੀਜ਼ਰ ਵਿਚ ਜੈਪਾਲ ਭੁੱਲਰ ਦੀ ਡੈਡ ਬਾਡੀ ਰੱਖੀ ਗਈ ਹੈ ਉਸ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਇਸ ਦੀ ਫਰੀਜ਼ਰ ਦੀ ਨਿਗਰਾਨੀ ਲਈ ਬਕਾਇਦਾ ਪੁਲੀਸ ਵੀ ਤਾਇਨਾਤ ਕੀਤੀ ਗਈ ਹੈ ਅਤੇ ਇਕ ਸਿਹਤ ਵਿਭਾਗ ਦਾ ਕਰਮਚਾਰੀ ਡੀ ਫਰੀਜ਼ਰ ਦੀ ਨਿਗਰਾਨੀ ਕਰੇਗਾ ਤਾਂ ਕਿ ਪ੍ਰਿਜ਼ਰਵ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਕਿਸੇ ਤਰ੍ਹਾਂ ਦੀ ਕੋਈ ਛੇੜਖ਼ਾਨੀ ਨਾ ਕੀਤੀ ਜਾ ਸਕੇ.
ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕ ਜੈਪਾਲ ਭੁੱਲਰ ਦੀ ਦੇਹ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਮੌਰਚਰੀ ਵਿਚ ਰੱਖਣ ਲਈ ਕਿਹਾ ਗਿਆ ਹੈ ਜਿਸ ਤੋਂ ਪਰਿਵਾਰ ਵੱਲੋਂ ਸਾਫ਼ ਇਨਕਾਰੀ ਕਰ ਦਿੱਤਾ ਗਿਆ ਸੀ .
ਉਨ੍ਹਾਂ ਦਾ ਕਹਿਣਾ ਸੀ ਕਿ ਮ੍ਰਿਤਕ ਦੇਹ ਨੂੰ ਜਾਂ ਤਾਂ ਪੀ ਜੀ ਆਈ ਵਿੱਚ ਯਾ ਏਮਜ਼ ਵਿੱਚ ਹੀ ਰੱਖਿਆ ਜਾਏਗਾ ਨਹੀਂ ਤਾਂ ਉਸ ਨੂੰ ਘਰ ਵਿੱਚ ਹੀ ਰੱਖਿਆ ਜਾਏਗਾ.
ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਉਸ ਦੀ ਘਰ ਵਿੱਚ ਹੀ ਪ੍ਰੀਜ਼ਰਵ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦੇ ਤਹਿਤ ਇੱਕ ਡੀ ਫ੍ਰੀਜ਼ਰ ਲਿਆ ਕੇ ਡੈਡ ਬਾਡੀ ਨੂੰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਪਰਿਜ਼ਰਵ ਕਰ ਦਿੱਤਾ ਗਿਆ ਹੈ ਅਤੇ ਉਸ ਦੇ ਉੱਪਰ ਪੂਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਹਨ.
ਚਾਹੇ ਉਹ ਪੁਲੀਸ ਤੇ ਸਿਵਲ ਪ੍ਰਸ਼ਾਸਨ ਵੱਲੋਂ ਸੀ ਸੀਸੀਟੀਵੀ ਕੈਮਰੇ ਹੋਣ ਜਾਂ ਫਿਰ ਸਿਹਤ ਵਿਭਾਗ ਵੱਲੋਂ ਤਾਇਨਾਤ ਕਰਮਚਾਰੀ ਹੋਵੇ , ਇਹਨਾਂ ਪੁਖ਼ਤਾ ਪ੍ਰਬੰਧਾਂ ਦੇ ਵਿੱਚ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਪ੍ਰੀਜ਼ਰਵ ਕਰਕੇ ਰੱਖ ਦਿੱਤਾ ਗਿਆ ਹੈ.
ਹੁਣ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੇ ਸਭ ਦੀ ਨਿਗ੍ਹਾ ਟਿਕੀ ਹੈ ਅਤੇ ਅਗਲੇ ਫ਼ੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ.