ਰੋਜ਼ ਰੋਜ਼ ਕੁੱਟ ਕੁਟਾਪੇ ਨਾਲ ਪੰਜਾਬ ਪੁਲਿਸ ਦਾ ਅਕਸ ਪ੍ਰਭਾਵਿਤ
ਅਸ਼ੋਕ ਵਰਮਾ
ਬਠਿੰਡਾ,20 ਜੂਨ2021: ਆਪਣੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ‘ਚ ਆਪਣੀਆਂ ਮੰਗਾਂ ਲਈ ਅਵਾਜ਼ ਉਠਾਉਣ ਵਾਲਿਆਂ ਨਾਲ ਪੰਜਾਬ ਪੁਲਿਸ ਵੱਲੋਂ ਕੀਤੇ ਜਾਂਦੇ ਨਿੱਤ ਰੋਜ ਦੇ ਕੁੱਟ ਕੁਟਾਪੇ ਨੇ ਇਸ ਅਨੁਸ਼ਾਸ਼ਿਤ ਅਖਾਵਾਉਣ ਵਾਲੀ ਫੋਰਸ ਦੇ ਅਕਸ ਨੂੰ ਬੁਰੀ ਤਰਾਂ ਖੋਰਾ ਲਾਇਆ ਹੈ। ਜਿਸ ਸ਼ਹਿਰ ਦੀ ਜੂਹ ’ਚੋਂ ਘਰ ਘਰ ਨੌਕਰੀ ਦਾ ਨਾਅਰਾ ਲੱਗਿਆ ਸੀ ,ਉਸੇ ’ਚ ਬੇਰੁਜਗਾਰਾਂ ਨਾਲ ਵਰਤਾਏ ਜਾ ਰਹੇ ਵਰਤਾਰੇ ਦੀਆਂ ਖਬਰਾਂ ਆਮ ਹੋ ਗਈਆਂ ਹਨ। ਪੁਲਿਸ ਅਧਿਕਾਰੀਆਂ ਦੀ ਦਲੀਲ ਹੈ ਜੋ ਮੁਲਾਜ਼ਮ ਜਾਂ ਬੇਰੁਜ਼ਗਾਰ ਧਿਰਾਂ ਹਨ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪ੍ਰੰਤੂ ਸੜਕਾਂ ਤੇ ਜਾਮ ਲਾਕੇ ਹਜਾਰਾਂ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ ਜਦੋਂਕਿ ਬੇਰੁਜਗਾਰ ਕਾਂਗਰਸ ਦੇ ਚੁਣਾਵੀ ਵਾਅਦਿਆਂ ਦਾ ਪਿਟਾਰਾ ਖੋਲ੍ਹੀ ਬੈਠੇ ਹਨ।
ਹੁਣ ਤਾਂ ਆਮ ਲੋਕ ਵੀ ਆਖਣ ਲੱਗੇ ਹਨ ਕਿ ਪਟਿਆਲਾ ਪੁਲਿਸ ਓਨੇ ਹੱਥ ਚੋਰ ਉਚੱਕਿਆਂ ਤੇ ਨਹੀਂ ਅਜਮਾਉਂਦੀ ਜਿੰਨੇਂ ਜਿੰਦਾਬਾਦ ਮੁਰਦਾਬਾਦ ਕਰਨ ਵਾਲਿਆਂ ਨੂੰ ਦੇਖ ਕੇ ਮਲਣ ਲਗਦੀ ਹੈ।
ਵਿਖਾਵਾਕਾਰੀ ਸ਼ਾਹੀ ਸ਼ਹਿਰ ਪਟਿਆਲਾ ਨੂੰ ਅਹਿਮ ਮੰਨਦੇ ਹਨ ਕਿਉਂਕਿ ਜਦੋਂ ਇੱਥੇ ਕੋਈ ਰੋਸ ਰੈਲੀ ਕੀਤੀ ਜਾਂਦੀ ਹੈ ਤਾਂ ਇਹ ਸਰਕਾਰ ਦਾ ਧਿਆਨ ਵੀ ਖਿੱਚ੍ਹਦੀ ਹੈ ਤੇ ਆਮ ਲੋਕਾਂ ਦੀ ਹਮਦਰਦੀ ਵੀ ਉਨ੍ਹਾਂ ਦੇ ਸੰਘਰਸ਼ ਨਾਲ ਜੁੜਦੀ ਹੈ। ਦੂਜੇ ਪਾਸੇ ਸੰਘਰਸ਼ ਕਰ ਰਹੇ ਲੋਕਾਂ ਨਾਲ ਨਿਪਟਣ ਸਮੇਂ ਅਖਬਾਰਾਂ ’ਚ ਛਪਦੀਆਂ ਤਸਵੀਰਾਂ ਕਾਰਨ ਪੁਲਿਸ ਦੀ ਕਾਰਜਸ਼ੈਲੀ ਦਾਅ ਤੇ ਲੱਗੀ ਹੋਈ ਹੈ ਫਿਰ ਵੀ ਪੁਲਿਸ ਪ੍ਰਸ਼ਾਸ਼ਨ ਪਟਿਆਲਾ ’ਚ ਚਿੜੀ ਨਾ ਫਟਕਣ ਦੇਣ ਦੀ ਠਾਣੀ ਬੈਠਾ ਹੈ।
ਉਂਜ ਜਿਸ ਜੱਥੇਬੰਦੀ ਦੀਆਂ ਵੋਟਾਂ ਜਿਆਦਾ ਹੋਣ ਉਸ ਤੋਂ ਅਫਸਰ ਵੀ ਪਾਸਾ ਵੱਟ ਕੇ ਲੰਘਦੇ ਹਨ ਜਿਸ ਦੀ ਮਿਸਾਲ ਕੱੁਝ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੰਕੇ ਦੀ ਚੋਟ ਤੇ ਪਟਿਆਲਾ ’ਚ ਦਿੱਤੇ ਧਰਨੇ ਤੋਂ ਮਿਲਦੀ ਹੈ। ਜਨਤਕ ਧਿਰਾਂ ਦਾ ਕਹਿਣਾ ਹੈ ਕਿ ਲੋਕ ਲਹਿਰਾਂ ਵਾਲੇ ਖਿੱਤੇ ਮਾਲਵਾ ’ਚ ਪੈਂਦੇ ਸ਼ਾਹੀ ਸ਼ਹਿਰ ’ਚ ਜਿਸ ਤਰਾਂ ਹੱਕ ਮੰਗਣ ਵਾਲਿਆਂ ਨੂੰ ਡੰਡੇ ਦੇ ਜੋਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਨੇ ‘ ਘਰ ਘਰ ਨੌਕਰੀਆਂ ਦੇਣ ਦੇ ਵਾਅਦਿਆਂ’ ਦੀ ਪ੍ਰੀਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ ਜਦੋਂਕਿ ਬੇਰੁਜਗਾਰਾਂ ਨੇ ਹੱਕਾਂ ਖਾਤਰ ਹਰ ਕੁਰਬਾਨੀ ਕਰਨ ਦੀ ਠਾਣੀ ਹੋਈ ਹੈ। ।
ਪਟਿਆਲਾ ’ਚ ਵਾਪਰੀਆਂ ਅੱਧੀ ਦਰਜਨ ਦੇ ਕਰੀਬ ਲਾਠੀਚਾਰਜਾਂ ਦੇ ਸੰਦਰਭ ‘ਚ ਪੁਲਿਸ ਦੀ ਭੂਮਿਕਾ ਨੂੰ ਦੇਖੀਏ ਤਾਂ ਸਮਝ ਆਵੇਗਾ ਕਿ ਪੁਲਿਸ ਅਧਿਕਾਰੀ ਪੱਤਾ ਨਾ ਹਿੱਲਣ ਦੇਣ ਦੀ ਰਾਹ ਤੁਰ ਪਏ ਹਨ। ਪੁਲਿਸ ਨੇ ਬੁਰਜਗਾਰ ਸਾਂਝਾ ਮੋਰਚਾ ਦੇ ਸੱਦੇ ਤਹਿਤ ਸੰਘਰਸ਼ ਕਰ ਰਹੇ ਬੇਰੁਜਗਾਰਾਂ ਤੇ ਪੁਲਿਸ ਨੇ ਕਾਫੀ ਬੇਰਹਿਮੀ ਨਾਲ ਲਾਠੀਆਂ ਚਲਾਈਆਂ ਸਨ ਤਾਂ ਰੋਸ ਮਾਰਚ ਕਰ ਰਹੇ ਈ ਟੀ ਟੀ ਦੇ ਵੀ ਹੱਡ ਸੇਕੇ ਹਨ। ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਦੌਰਾਨ ਮੁਟਿਆਰਾਂ ਕੁੜੀਆਂ ਵੀ ਜਖਮੀ ਹੋਈਆਂ ਹਨ ਅਤੇ ਨੌਜਵਾਨ ਮੁੰਡਿਆਂ ਦੇ ਵੀ ਸੱਟਾਂ ਲੱਗੀਆਂ। ਏਦਾਂ ਹੀ ਹੋਰ ਵੀ ਕਾਫੀ ਮਿਸਾਲਾਂ ਹਨ ਜਿੱਥੇ ਪੁਲਿਸ ਨੇ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੀ ਥਾਂ ਲਾਠੀਚਾਰਜਾਂ ਦਾ ਸਹਾਰਾ ਲਿਆ ਹੈ।
ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ
ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕੌਂਸਲ ਦੇ ਮੈਂਬਰ ਕਾਮਰੇਡ ਮਾਹੀਪਾਲ ਦਾ ਕਹਿਣਾ ਸੀ ਕਿ ਆਮ ਲੋਕਾਂ ਨੇ ਤਾਂ ਆਪਣੇ ਹੱਕ ਮੰਗਣ ਲਈ ਸਰਕਾਰ ਦਾ ਦਰਵਾਜ਼ਾ ਖੜਕਾਉਣਾ ਹੁੰਦਾ ਹੈ ਇਹ ਅਲਿਹਦਾ ਗੱਲ ਉਨ੍ਹਾਂ ਦੀ ਗੱਲ ਨੂੰ ਕਿੰਨੀ ਕੁ ਅਹਿਮੀਅਤ ਦਿੱਤੀ ਜਾਂਦੀ ਹੈ। ਪੁਲਿਸ ਦੇ ਇਸ ਵਤੀਰੇ ਨੂੰ ਗੁਲਾਮ ਮਾਨਸਿਕਤਾ ਕਰਾਰ ਦਿੰਦਿਆਂ ਮਜਦੂਰ ਨੇਤਾ ਨੇ ਕਿਹਾ ਕਿ ਅੰਗਰੇਜ਼ਾਂ ਦੇ ਰਾਜ ‘ਚ ਭਾਰਤੀਆਂ ਨੂੰ ਹਾਕਮਾਂ ਤੋਂ ਦੂਰ ਰੱਖਣ ਲਈ ਲਾਠੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਇਸ ਵੇਲੇ ਤਾਂ ਜਮਹੂਰੀ ਮੁਲਕ ਦੇ ਵਸਨੀਕਾਂ ਨਾਲ ਗੁਲਾਮਾਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਕਰਕੇ ਪਟਿਆਲਾ ਤਰਜੀਹ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾਕਟਰ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਦੇ ਹਲਕੇ ’ਚ ਪੁਲਿਸ ਵੱਲੋਂ ਸੰਘਰਸ਼ਕਾਰੀਆਂ ਨਾਲ ਅਪਣਾਇਆ ਜਾ ਵਤੀਰਾ ਨਿਖੇਧੀਯੋਗ ਹੈ। ਉਨ੍ਹਾਂ ਕਿਹਾ ਕਿ ਜਦਂੋ ਸਰਕਾਰ ਨਾਗਰਿਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ ਕਾਰਵਾਈ ਨਹੀ ਕਰਦੀ ਤਾਂ ਲੋਕਾਂ ਕੋਲ ਆਪਣੀ ਅਵਾਜ਼ ਬੁਲੰਦ ਕਰਨ ਲਈ ਧਰਨਿਆਂ ਮੁਜਾਹਰਿਆਂ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਦਾ ਹੈ। ਉਨ੍ਹਾਂ ਅਖਿਆ ਕਿ ਲੋਕ ਪਟਿਆਲਾ ਥਾਂ ਦੀ ਚੋਣ ਹੀ ਇਸ ਲਈ ਕਰਦੇ ਹਨ ਤਾਂ ਜੋ ਸਰਕਾਰ ਤੱਕ ਉਨ੍ਹਾਂ ਦੀ ਅਵਾਜ਼ ਪੁੱਜ ਸਕੇੇ ਪਰ ਪੁਲਿਸ ਨੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕਰਕੇ ਲੋਕਾਂ ਦੀ ਸੰਘੀ ਘੁੱਟਣੀ ਸ਼ੁਰੂ ਕੀਤੀ ਹੋਈ ਹੈ।
ਮਜਬੂਰੀ ਵੱਸ ਲਗਦੇ ਧਰਨੇ
ਨਾਗਰਿਕ ਚੇਤਨਾ ਮੰਚ ਪੰਜਾਬ ਦੇ ਨੇਤਾ ਬੱਗਾ ਸਿੰਘ ਨੇ ਕਿਹਾ ਕਿ ਲੋਕ ਆਪਣੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਮਜ਼ਬੂਰ ਹੋਕੇ ਧਰਨੇ ਦਿੰਦੇ ਹਨ ਕਿਸੇ ਨੂੰ ਵੀ ਸੜਕਾਂ ਤੇ ਰੁਲਣ ਦਾ ਸ਼ੌਂਕ ਨਹੀਂ ਹੈ।ਉਨ੍ਹਾਂ ਆਖਿਆ ਕਿ ਭੁੱਖੇ ਮਰਨ ਤੋਂ ਡਰਦੇ ਬੇਰੁਜਗਾਰਾਂ ਨੇ ਤਾਂ ਸਰਕਾਰ ਦੇ ਦਰਵਾਜ਼ੇ ਤੇ ਪੁੱਜਣਾ ਹੁੰਦਾ ਹੈ ਇਹ ਅਲਿਹਦਾ ਗੱਲ ਹੈ ਕਿ ਉਹ ਉਨ੍ਹਾਂ ਦੀ ਗੱਲ ਨੂੰ ਅਹਿਮੀਅਤ ਦੇਣ ਦੀ ਥਾਂ ਡਾਂਗਾਂ ਨਾਲ ਨਿਵਾਜਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਕੁੱਟ ਕੁਟਾਪਾ ਫੌਰੀ ਰੋਕਣ ਦੀ ਮੰਗ ਕੀਤੀ।