ਭਾਜਪਾ ਵੱਲੋਂ ਧਰਮਾਂ ਅਤੇ ਕੌਮੀਅਤਾਂ ਦੇ ਨਾਂ 'ਤੇ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ - ਸ਼ਿੰਗਾਰਾ ਸਿੰਘ ਮਾਨ
ਅਸ਼ੋਕ ਵਰਮਾ
ਨਵੀਂ ਦਿੱਲੀ 20 ਜੂਨ 2021 - ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਆਲੇ-ਦੁਆਲੇ ਦੀਆਂ ਹੱਦਾਂ 'ਤੇ ਚੱਲ ਰਹੇ ਮੋਰਚੇ ਅੰਦਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਖੇਤੀ ਸਬੰਧੀ ਬਣਾਏ ਤਿੰਨ ਕਾਲੇ ਕਾਨੂੰਨਾਂ ਤੋਂ ਪਹਿਲਾਂ ਵੀ ਆਪਣੇ ਰਾਜ ਦੀ ਉਮਰ ਲੰਮੀ ਕਰਨ ਵਾਸਤੇ ਭਾਜਪਾ ਦੀ ਹਕੂਮਤ ਨੇ ਅੱਡ ਅੱਡ ਧਰਮਾਂ ਅਤੇ ਕੌਮੀਅਤਾਂ ਦੇ ਨਾਂ 'ਤੇ ਲੋਕਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਦਾਹਰਣ ਵਜੋਂ ਮੁਸਲਿਮ ਭਾਈਚਾਰੇ ਨੂੰ ਦੇਸ਼ ਦੇ ਵਿੱਚੋਂ ਖਦੇੜਨ ਵਾਸਤੇ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਬਿਲ ਸ੍ਰੀਲੰਕਾ ਤੋਂ ਆਏ ਤਾਮਿਲ, ਪਾਕਿਸਤਾਨ ਦੇ ਅਹਿਮਦੀਆ ਅਤੇ ਸ਼ੀਆ ਮੁਸਲਿਮ ਮਿਆਂਮਾਰ ਦੇ ਰੋਹਿੰਗੀਆ ਮੁਸਲਮਾਨ ਆਦਿ ਨੂੰ ਵੀ ਨਾਗਰਿਕਤਾ ਸੋਧ ਬਿੱਲ ਦੇ ਨਾਂ 'ਤੇ ਜਬਰ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੋਕਾਂ ਦੀਆਂ ਵੰਡੀਆਂ ਪਾਉਣਾ ਵੀ ਸਾਮਰਾਜੀ ਨੀਤੀਆਂ ਦਾ ਹਿੱਸਾ ਹੈ।
ਜ਼ਿਲ੍ਹਾ ਬਠਿੰਡਾ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਤਹਿਸੀਲ ਰਾਮਪੁਰਾ ਫੂਲ ਦੇ ਪਿੰਡ ਜਿਉਂਦ 'ਚ ਜ਼ਮੀਨ ਦੇ ਮਾਲਕੀ ਹੱਕਾਂ ਨੂੰ ਲੈ ਕੇ ਭੌਂ ਮਾਫੀਏ ਵੱਲੋਂ ਕਾਸ਼ਤਕਾਰ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੌਰਾਨ ਕਾਸ਼ਤਕਾਰ ਕਿਸਾਨਾ ਵੱਲ ਕੀਤੇ ਗਏ ਜ਼ਬਰਦਸਤ ਵਿਰੋਧ ਸਮੇਂ ਹਮਲਾਵਰਾਂ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲੀਆਂ 'ਚ ਨੌੰ ਕਿਸਾਨ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ ਦੋ ਬਹੁਤ ਗੰਭੀਰ ਜ਼ਖ਼ਮੀ ਹੋਏ ਕਿਸਾਨਾਂ ਨੂੰ ਬਠਿੰਡਾ ਦੇ ਹਸਪਤਾਲ 'ਚ ਦਾਖ਼ਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਜ਼ਮੀਨੀ ਮਾਮਲਾ ਪਿੰਡ ਦੀ ਮੁਰੱਬੇਬੰਦੀ ਨਾ ਹੋਣ ਕਰਕੇ ਤਕਰੀਬਨ ਸਾਰੇ ਪਿੰਡ ਦੀ ਹੀ ਜ਼ਮੀਨ ਜੋ ਚਾਰ ਸੌ ਏਕੜ ਦੇ ਕਰੀਬ ਵੱਡੇ ਸਰਦਾਰਾਂ ਦੇ ਨਾਂ ਕਾਗਜ਼ਾਂ 'ਚ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਸ਼ਤਕਾਰ ਕਿਸਾਨ 1947 ਤੋਂ ਪਹਿਲਾਂ ਹੀ ਇਨ੍ਹਾਂ ਜ਼ਮੀਨਾਂ 'ਤੇ ਕਾਬਜ਼ ਹਨ।ਪਿਛਲੇ ਕਈ ਸਾਲਾਂ ਤੋਂ ਕਿਸਾਨ ਆਪਣੇ ਮਾਲਕੀ ਹੱਕ ਲੈਣ ਲਈ ਲੜਾਈ ਲੜ ਰਹੇ ਹਨ।
ਉਨ੍ਹਾਂ ਕਿਹਾ ਕਿ ਕਾਗਜ਼ਾਂ 'ਚ ਜ਼ਮੀਨ ਦੇ ਮਾਲਕ ਸਰਦਾਰ ਹੋਣ ਕਰਕੇ ਉਹ ਅੰਦਰਖਾਤੇ ਭੌਂ ਮਾਫੀਆ ਦੇ ਨਾਲ ਗੰਢ ਤੁੱਪ ਕਰਕੇ ਉਨ੍ਹਾਂ ਦੇ ਨਾਂ ਰਜਿਸਟਰੀ ਕਰਵਾ ਰਹੇ ਹਨ। ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਇਹ ਘਟਨਾ ਵਾਪਰ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਇਸ ਵਾਪਰੀ ਘਟਨਾਂ ਲਈ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕਰਦੀ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਅਸੀਂ ਕਾਸ਼ਤਕਾਰ ਕਿਸਾਨਾਂ ਦੀ ਜ਼ਮੀਨ 'ਤੇ ਭੌਂ ਮਾਫੀਆ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ। ਹਰਿਆਣੇ ਤੋਂ ਤਸਵੀਰ ਫੋਗਾਟ ਨੇ ਕਿਹਾ ਕਿ ਕਸਾਰ ਪਿੰਡ ਦੇ ਕਿਸਾਨ ਨੇ ਘਰ ਦੇ ਕਲੇਸ਼ ਤੋਂ ਤੰਗ ਆ ਕੇ ਕਿਸਾਨ ਅੰਦੋਲਨ ਦੇ ਕਰੀਬ ਕੀਤੀ ਗਈ ਖੁਦਕੁਸ਼ੀ ਦਾ ਦੋਸ਼ ਪਿੰਡ ਦੇ ਭਾਜਪਾ ਪੱਖੀ ਸਰਪੰਚ ਵੱਲੋਂ ਅੰਦੋਲਨਕਾਰੀਆਂ 'ਤੇ ਲਗਾਇਆ ਜਾ ਰਿਹਾ ਹੈ ਉਹ ਸਰਾਸਰ ਝੂਠਾ ਹੈ Í
ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਫੇਲ੍ਹ ਕਰਨ ਦੀ ਖਾਤਰ ਭਾਜਪਾ ਵੱਲੋਂ ਇਹ ਬੇਬੁਨਿਆਦ ਲਾਏ ਗਏ ਦੋਸ਼ਾਂ ਨੂੰ ਪੰਜਾਬ ਅਤੇ ਹਰਿਆਣੇ ਦੇ ਲੋਕ ਭਾਈਚਾਰੇ ਦੀ ਇਸ ਸਾਂਝ ਨੂੰ ਟੁੱਟਣ ਨਹੀਂ ਦੇਣਗੇਅੱਜ ਦੀ ਸਟੇਜ ਤੋਂ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ "ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ" ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਦੀ ਸਟੇਜ ਖਤਮ ਹੋਣ ਤੋਂ ਬਾਅਦ ਆਲ ਇੰਡੀਆ ਡੀ ਵਾਈ ਓ ਜਥੇਬੰਦੀ ਦੇ ਆਗੂ ਪ੍ਰਿੰਸੀਪਲ ਸ਼ਾਰਦਾ ਦੀ ਅਗਵਾਈ ਹੇਠ ਵੱਡਾ ਜਥਾ ਲੈਣ ਕੇ ਗ਼ਦਰੀ ਗੁਲਾਬ ਕੌਰ ਨਗਰ ਦੀ ਸਟੇਜ ਦੀ ਪੰਡਾਲ 'ਚ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ) ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਧੰਨਵਾਦ ਕੀਤਾ।ਅੱਜ ਦੀ ਸਟੇਜ ਤੋਂ ਸੁਖਪਾਲ ਸਿੰਘ ਮਾਣਕ,ਪਰਮਵੀਰ ਸਿੰਘ ਘਲੋਟੀ,ਪਰਮਜੀਤ ਕੌਰ ਸੰਗਰੂਰ ਅਤੇ ਮਾਸਟਰ ਇਕਬਾਲ ਸਿੰਘ ਭੈਣੀ ਆਦਿ ਨੇ ਵੀ ਸੰਬੋਧਨ ਕੀਤਾ।