ਜ਼ਮੀਨੀ ਵਿਵਾਦ ਕਾਰਨ ਹੋਈ ਗੋਲੀਬਾਰੀ ’ਚ ਨੌ ਜ਼ਖਮੀ, ਦੋ ਗੰਭੀਰ
ਅਸ਼ੋਕ ਵਰਮਾ
ਬਠਿੰਡਾ,20 ਜੂਨ2021: ਬਠਿੰਡਾ ਜਿਲ੍ਹੇ ਦੇ ਥਾਣਾ ਸਦਰ ਰਾਮਪੁਰਾ ਅਧੀਨ ਪੈਂਦੇ ਪਿੰਡ ਜਿਉਦ ਵਿੱਚ ਮੁਜਾਰਿਆਂ ਅਤੇ ਸਰਦਾਰਾਂ ਵਿਚਕਾਰ ਚੱਲ ਰਿਹਾ ਜ਼ਮੀਨੀ ਵਿਵਾਦ ਖੂਨੀ ਝੜਪ ਵਿਚ ਬਦਲ ਗਿਆ ਜਿਸ ਦੇ ਸਿੱਟੇ ਵਜੋਂ 9 ਵਿਅਕਤੀ ਜਖਮੀ ਹੋ ਗਏ ਜਿੰਨ੍ਹਾਂ ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ੁਰੂਆਤੀ ਦੌਰ ’ਚ ਦੋ ਧਿਰਾਂ ਵਿਚਕਾਰ ਤਕਰਾਰਬਾਜੀ ਹੋਈ ਜਿਸ ਤੋਂ ਬਾਅਦ ਗੋਲੀਆਂ ਚੱਲੀਆਂ ਹਨ । ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਲਾਬ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਆਦਿ ਨੇ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਬਾਹਰ ਤੋਂ ਕੁੱਝ ਬੰਦੇ ਸੱਦੇ ਸਨ। ਉਨ੍ਹਾਂ ਦੱਸਿਆ ਕਿ ਹਿਸ ਬਾਰੇ ਪਤਾ ਲੱਗਦਿਆਂ ਪਿੰਡ ਵਾਸੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੁਰਜੀਤ ਸਿੰਘ ਦੀ ਧਿਰ ਦੇ ਕਿਸੇ ਵਿਅਕਤੀ ਨੇ ਗੋਲੀ ਚਲਾ ਦਿੱਤੀ ਜਿਸ ਨਾਲ 9 ਜਣੇ ਜਖਮੀ ਹੋ ਗਏ। ਜਖਮੀਆਂ ਦੀ ਪਛਾਣ ਪਿੰਡ ਦੇ ਧਰਮਪਾਲ ਸਿੰਘ, ਗੁਰਚਰਨ ਸਿੰਘ, ਜੋਗਿੰਦਰ ਸਿੰਘ, ਜਗਦੀਪ ਸਿੰਘ, ਹਰਬੰਸ ਸਿੰਘ, ਲਖਵੀਰ ਸਿੰਘ, ਮਹਿੰਦਰ ਸਿੰਘ, ਵੀਰ ਸਿੰਘ ਅਤੇ ਗੁਲਾਬ ਸਿੰਘ ਜਖ਼ਮੀ ਵਜੋਂ ਹੋਈ ਹੈ ਜਿੰਨ੍ਹਾਂ ਨੂੰ ਰਾਮਪੁਰਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਹੈ। ਵੇਰਵਿਆਂ ਅਨੁਸਾਰ ਵੀਰ ਸਿੰਘ ਅਤੇ ਲਖਵੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਰ ਕੇ ਇਨ੍ਹਾਂ ਨੂੰ ਭੁੱਚੋ ਮੰਡੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕੀਤਾ ਗਿਆ ਹੈ। ਡੀ ਐਸ ਪੀ ਫੂਲ ਜਸਬੀਰ ਸਿੰਘ ਦਾ ਕਹਿਣਾ ਸੀ ਕਿ ਫਿਲਹਾਲ ਇਸ ਘਟਨਾ ਸਬੰਧੀ ਬਿਆਨ ਲਿਖੇ ਜਾ ਰਹੇ ਹਨ ਜਿੰਨ੍ਹਾਂ ਦੀ ਪੜਤਾਲ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਪਿੰਡ ਜਿਉਂਦ ‘ਚ ਜ਼ਮੀਨ ਦੇ ਮਾਲਕੀ ਹੱਕਾਂ ਨੂੰ ਲੈ ਕੇ ਭੌਂ ਮਾਫੀਏ ਵੱਲੋਂ ਕਾਸ਼ਤਕਾਰ ਕਿਸਾਨਾਂ ਦੀ ਜਮੀਨ ‘ਤੇ ਕਬਜਾ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਹੀ ਚਾਰ ਸੌ ਏਕੜ ਦੇ ਕਰੀਬ ਜਮੀਨ ਕਾਗਜਾਂ ’ਚ ਵੱਡੇ ਸਰਦਾਰਾਂ ਦੇ ਨਾਂ ਕਾਗਜ਼ਾਂ ‘ਚ ਬੋਲ ਰਹੀ ਹੈ ਜਦੋਂਕਿ ਕਾਸ਼ਤਕਾਰ ਕਿਸਾਨ 1947 ਤੋਂ ਪਹਿਲਾਂ ਹੀ ਇਨ੍ਹਾਂ ਜ਼ਮੀਨਾਂ ‘ਤੇ ਕਾਬਜ਼ ਹਨ ਜਿਸ ਦੇ ਮਾਲਕੀ ਹੱਕ ਲੈਣ ਲਈ ਇਹ ਕਿਸਾਨ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਗਜ਼ਾਂ ‘ਚ ਜ਼ਮੀਨ ਦੇ ਮਾਲਕ ਸਰਦਾਰ ਹੋਣ ਕਰਕੇ ਉਹ ਅੰਦਰਖਾਤੇ ਭੌਂ ਮਾਫੀਆ ਨਾਲ ਗੰਢ ਤੁੱਪ ਰਾਹੀਂ ਉਨ੍ਹਾਂ ਦੇ ਨਾਂ ਰਜਿਸਟਰੀਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਾਸ਼ਤਕਾਰ ਕਿਸਾਨਾਂ ਦੀ ਜਮੀਨ ‘ਤੇ ਭੌਂ ਮਾਫੀਆ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਏਗਾ।