ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਲਈ ਜ਼ਮੀਨ ਦੀ ਪ੍ਰਸ਼ਾਸਨ ਵੱਲੋਂ ਤੈਅ ਕੀਤੀ ਮੁਆਵਜ਼ਾ ਰਕਮ ਕਿਸਾਨਾਂ ਵੱਲੋਂ ਮੁੱਢੋਂ ਰੱਦ
ਬਲਵਿੰਦਰ ਸਿੰਘ ਧਾਲੀਵਾਲ
- ਪ੍ਰਸ਼ਾਸਨ ਵੱਲੋਂ 10 ਲੱਖ ਰੁਪਏ ਪ੍ਰਤੀ ਕਿੱਲਾ ਰੇਟ ਤੈਅ ਕਰਨਾ ਕਿਸਾਨਾਂ ਨਾਲ਼ ਵੱਡਾ ਧੋਖਾ-ਕਮੇਟੀ
- ਸਰਕਾਰ ਕਿਸਾਨਾਂ ਨੂੰ ਵੱਧ ਮੁਆਵਜ਼ਾ ਦਿਵਾਉਣ ਲਈ ਪ੍ਰਸ਼ਾਸਨ ਨੂੰ ਹਿਤਾਇਤ ਕਰੇ-ਕਿਸਾਨ ਜਥੇਬੰਦੀਆਂ
ਸੁਲਤਾਨਪੁਰ ਲੋਧੀ 20 ਜੂਨ2021 ਭਾਰਤ ਮਾਲਾ ਪਰਿਯੋਜਨਾ ਅਧੀਨ ਉਸਾਰੇ ਜਾ ਰਹੇ ਦਿੱਲੀ ਅਮ੍ਰਿੰਤਸਰ ਕਟੜਾ ਐਕਸਪ੍ਰੈਸ ਵੇਅ ਲਈ ਹਲਕਾ ਸੁਲਤਾਨਪੁਰ ਲੋਧੀ ਦੇ ਮੈਰੀਪੁਰ,ਜਾਰਜਪੁਰ,ਕਾਲਰੂ, ਟਿੱਬਾ, ਬਿਧੀਪੁਰ,ਤਲਵੰਡੀ ਚੌਧਰੀਆਂ,ਖਿਜਰਪੁਰ, ਫਤਿਹ ਅਲੀ ਅਤੇ ਮੈਣੀ ਮਲਾਹਾਂ ਆਦਿ ਪਿੰਡਾਂ ਦੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦਾ ਐਨ.ਐਚ ਐਕਟ -1956 ਦੀ ਧਾਰਾ -3 ਜੀ ਤਹਿਤ ਸੁਲਤਾਨਪੁਰ ਲੋਧੀ ਪ੍ਰਸ਼ਾਸਨ ਵੱਲੋਂ ਤੈਅ ਕੀਤੀ ਪ੍ਰਤੀ ਕਿੱਲਾ ਮੁਆਵਜ਼ਾ ਰਕਮ ਨੂੰ ਕਿਸਾਨਾਂ ਨੇ ਵੱਡਾ ਧੋਖਾ ਕ਼ਰਾਰ ਦਿੰਦਿਆਂ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।
ਇਸ ਸਬੰਧੀ ਐਕਸਪ੍ਰੈਸ ਵੇਅ ਨਾਲ਼ ਪ੍ਰਭਾਵਿਤ ਹੋ ਰਹੇ ਕਿਸਾਨਾਂ ਦੀ ਹੰਗਾਮੀ ਮੀਟਿੰਗ ਪਿੰਡ ਮੈਰੀਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੇ ਉਨ੍ਹਾਂ ਦੀਆਂ ਜ਼ਮੀਨਾਂ ਦੇ ਨਿਗੁਣੇ ਜਿਹੇ ਭਾਅ ਤੈਅ ਕਰਨ ਤੇ ਪ੍ਰਸ਼ਾਸਨ ਅਤੇ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰੋਡ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਬਹੁਤ ਨਿਗੁਣੇ ਜਿਹੇ ਰੇਟ ਦੇ ਹੜੱਪਣਾ ਚਾਹੁੰਦੀ ਹੈ ਜਿਸ ਨੂੰ ਕਿਸਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।
ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਜ਼ਮੀਨਾਂ ਦੇ ਆਮ ਭਾਅ 25 ਤੋਂ 30 ਲੱਖ ਦੇ ਕਰੀਬ ਹੈ ਜਦ ਕਿ ਪ੍ਰਸ਼ਾਸਨ ਵੱਲੋਂ ਪ੍ਰਤੀ ਕਿੱਲਾ ਵੱਧ ਤੋਂ ਵੱਧ 10 ਲੱਖ 6000 ਹਜ਼ਾਰ ਮੁਆਵਜ਼ਾ ਰਕਮ ਤੈਅ ਕੀਤੀ ਗਈ ਹੈ ਜ਼ੋ ਕਿਸਾਨਾਂ ਨਾਲ਼ ਬਹੁਤ ਵੱਡਾ ਧੋਖਾ ਹੈ।ਕਿਸਾਨ ਆਗੂ ਕਮਲਜੀਤ ਸਿੰਘ ਮੈਰੀਪੁਰ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਵੱਧ ਮੁੱਲ ਤੇ ਹੋਈਆਂ ਰਜਿਸਟਰੀਆਂ ਨੂੰ ਵਿਚਾਰਿਆ ਹੀ ਨਹੀਂ ਜਿਸ ਕਰਕੇ ਇਸ ਇਲਾਕੇ ਦੀ ਜ਼ਮੀਨ ਦਾ ਬਹੁਤ ਘੱਟ ਰੇਟ ਤੈਅ ਹੋਇਆ ਹੈ।ਕਿਸਾਨ ਆਗੂ ਜਸਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਵੱਲੋਂ ਐਕਵਾਇਰ ਕੀਤੀਆਂ ਗਈਆਂ ਜ਼ਮੀਨਾਂ ਦੇ ਮਾਲਕਾਂ ਨੂੰ ਚੋਖਾ ਭਾਅ ਦਿੱਤਾ ਗਿਆ ਸੀ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਉਹ ਆਪਣੀਆਂ ਜ਼ਮੀਨਾਂ ਸਰਕਾਰ ਨੂੰ ਕੋਡੀਆਂ ਦੇ ਭਾਅ ਨਹੀਂ ਦੇਣਗੇ ਸਗੋਂ ਸਰਕਾਰ ਦੀ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇ ਕੋਈ ਅਧਿਕਾਰੀ ਜਾਂ ਹਾਈਵੇ ਅਥਾਰਟੀ ਦਾ ਕਰਮਚਾਰੀ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਸਰਵੇ ਕਰਨ ਸੰਬੰਧੀ ਆਇਆ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਨੰਬਰਦਾਰ ਮਲਕੀਤ ਸਿੰਘ, ਰਣਜੀਤ ਸਿੰਘ ਮੈਰੀਪੁਰ, ਹਰਜਿੰਦਰ ਸਿੰਘ ਕਾਲਰੂ,ਸੀਤਲ ਸਿੰਘ ਟਿੱਬਾ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਰਾਣਾ ਟਾਇਲ ਕਾਲਰੂ, ਪਿਆਰਾ ਸਿੰਘ ਜਾਰਜਪੁਰ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਦਾ ਐਲਾਨ-ਸਰਕਾਰ ਵੱਲੋਂ ਨਿਗੂਣੀਆਂ ਕੀਮਤਾਂ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ,ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਕਿਸਾਨ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਪ੍ਰਭਾਵਿਤ ਹੋ ਰਹੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਅਤੇ ਪ੍ਰਸ਼ਾਸਨ ਨੂੰ ਹਿਤਾਇਤ ਕਰੇ ਕੇ ਵੱਧ ਤੋਂ ਵੱਧ ਮੁਆਵਜ਼ਾ ਤੈਅ ਕੀਤਾ ਜਾਵੇ।
ਕੀ ਕਹਿੰਦੇ ਹਨ ਪ੍ਰਸ਼ਾਸਨਿਕ ਅਧਿਕਾਰੀ-
ਘੱਟ ਰੇਟ ਤੈਅ ਕਰਨ ਸੰਬੰਧੀ ਜਦੋਂ ਜ਼ਮੀਨ ਪ੍ਰਾਪਤੀ ਕੁਲੈਕਟਰ ਕਮ ਸਬ ਡਵੀਜ਼ਨਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਨਾਲ਼ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ਼ ਸੰਪਰਕ ਨਹੀਂ ਹੋ ਸਕਿਆ।