ਪੰਜਾਬਣ ਮੁਟਿਆਰ ਕੈਨੇਡੀਅਨ ਓਲੰਪਿਕ ਟੀਮ ‘ਚ ਸ਼ਾਮਲ ਹੋਈ
ਕਮਲਜੀਤ ਬੁੱਟਰ
- ਗੁਰਪ੍ਰੀਤ ਕੌਰ ਕੈਨੇਡੀਅਨ ਓਲੰਪਿਕ ਟੀਮ ‘ਚ ਸ਼ਾਮਲ ਹੋਈ
- ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਖੇਤਰ ਦੀ ਰਹਿਣ ਵਾਲੀ ਹੈ ਗੁਰਪ੍ਰੀਤ ਕੌਰ
ਕੈਲਗਰੀ, 20 ਜੁਲਾਈ 2021 : ਭਾਰਤੀ ਮੂਲ ਦੀ ਕੈਨੇਡੀਅਨ ਨਾਗਰਿਕ ਅਤੇ ਕੈਨੇਡਾ ਦੀ ਜੰਮਪਲ 27 ਸਾਲਾ ਗੁਰਪ੍ਰੀਤ ਕੌਰ ਸੋਹੀ ਕੈਨੇਡੀਅਨ ਓਲੰਪਿਕ ਟੀਮ ਵਿੱਚ ਸ਼ਾਮਿਲ ਕੀਤੀ ਗਈ ਹੈ ਤੇ ਵੌਟਰ-ਪੋਲੋ ਵਿੱਚ ਉਸ ਦਾ ਨਾਮ ਸ਼ਾਮਿਲ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਡੈਲਟਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਸੋਹੀ ਦਾ ਜਨਮ ਡੈਲਟਾ ਵਿੱਚ ਸਾਲ 1994 ਵਿੱਚ ਹੋਇਆ ਸੀ ਤੇ ਅੱਜ ਉਸ ਦਾ ਜਨਮ ਦਿਨ ਵੀ ਹੈ। ਉਸ ਨੇ ਆਪਣੀ ਪਹਿਲੀ ਅੰਤਰਰਾਸ਼ਟਰੀ ਸਫ਼ਲਤਾ ਸਾਲ 2011 ਵਿੱਚ ਯੂਥ ਪੈਨ-ਐਮ ਗੇਮਜ਼ ਵਿੱਚ ਹਾਸਲ ਕੀਤੀ ਸੀ ਤੇ ਗੋਲਡ ਮੈਡਲ ਜਿੱਤਿਆ ਸੀ। ਉਸ ਨੇ ਹੁਣ ਤੱਕ 4 ਵਾਰ ਫੀਨਾ ਵਲਡ ਲੀਗ਼ ਸੁਪਰ ਫਾਇਲਜ਼ ਵਿੱਚ ਸਥਾਨ ਹਾਸਲ ਕੀਤਾ ਤੇ ਸਾਲ 2017 ਵਿੱਚ ਸਿਲਵਰ ਮੈਡਲ ਵੀ ਜਿੱਤਿਆ।
ਉਸ ਨੇ ਸਟੈਨਫੋਰਡ ਯੁਨਿਵਰਸਿਟੀ ਵਾਸਤੇ 2014 ਅਤੇ 2015 ਵਿੱਚ ਲਗਾਤਾਰ 2 ਵਾਰ ਐਨ.ਸੀ.ਏ.ਏ. ਚੈਂਪੀਅਨਸ਼ਿਪ ਵੀ ਜਿੱਤੀ ਹੈ। ਸਾਲ 2016 ਵਿੱਚ ਉਹ ਟੀਮ ਦੀ ਕੈਪਟਨ ਵੀ ਰਹੀ। ਉਸ ਨੇ 9 ਸਾਲ ਦੀ ਉਮਰ ਵਿੱਚ ਇਹ ਗੇਮ ਖੇਡਣੀ ਸ਼ੁਰੂ ਕੀਤੀ ਸੀ ਤੇ ਉਸ ਨੇ ਸਟੈਨਫੋਰਡ ਯੁਨਿਵਰਸਿਟੀ ਤੋਂ ਹਿਉਮਨ ਬਇਔਲੋਜੀ ਵਿੱਚ ਡਿਗਰੀ ਹਾਸਲ ਕੀਤੀ ਹੈ। ਉਸ ਦਾ ਓਲੰਪਿਕ ਵਿੱਚ ਪਹਿਲਾ ਮੁਕਾਬਲਾ 24 ਜੁਲਾਈ ਨੂੰ ਆਸਟ੍ਰੇਲੀਆ ਨਾਲ ਹੋ ਰਿਹਾ ਹੈ।