ਰੋਪੜ ਕਿਸਾਨ ਸਮਰਥਕ ਦੀ ਹੋਈ ਕੁੱਟਮਾਰ, ਕਿਸਾਨ ਆਗੂ ਮਿਲੇ ਐਸ ਐਸ ਪੀ ਨੂੰ
ਰੂਪਨਗਰ 21 ਜੁਲਾਈ 2021 - ਕਿਰਤੀ ਕਿਸਾਨ ਮੋਰਚਾ ਰੋਪੜ ਦੇ ਆਗੂ ਜਗਮਨਦੀਪ ਸਿੰਘ ਪੜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਝ ਦਿਨ ਪਹਿਲਾਂ ਤੀਰਥ ਰਾਮ, ਅਸ਼ਵਨੀ ਕੁਮਾਰ, ਨਵੀਨ ਕੁਮਾਰ ਵਾਸੀ ਬੈਂਸਾਂ ਵੱਲੋਂ ਡਾਕਟਰ ਕਮਲਜੀਤ ਸਿੰਘ ਵਾਸੀ ਬੈਂਸਾਂ ਦੀ ਕੁੱਟਮਾਰ ਕੀਤੀ ਗਈ। ਜਿਸ ਵਿੱਚ ਡਾਕਟਰ ਕਮਲਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਜੋ ਕਿ ਜੇਰੇ ਇਲਾਜ ਅਧੀਨ ਹਸਪਤਾਲ ਵਿੱਚ ਦਾਖਲ ਹਨ।
ਪੁਲਿਸ ਨੇ ਦੋਸ਼ੀਆਂ ਉਪਰ ਧਾਰਾ 307 ਤਹਿਤ ਐੱਫ ਆਈ ਆਰ ਨੰਬਰ 95/15-07/2021 ਪਰਚਾ ਦਰਜ ਕੀਤਾ ਹੋਇਆ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਹਨਾਂ ਸ਼ਰੇਆਮ ਖੁੱਲ੍ਹਾ ਫਿਰਨ ਦੀ ਇਜਾਜਤ ਦਿੱਤੀ ਜਾ ਰਹੀ ਹੈ। ਆਗੂਆਂ ਨੇ ਇਲਜ਼ਾਮ ਲਾਇਆ ਕਿ ਦੋਸ਼ੀ ਤੀਰਥ ਰਾਮ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਬਿਨਾਂ ਗ੍ਰਿਫਤਾਰੀ ਪਾਏ ਉਸਨੂੰ ਛੱਡ ਦਿੱਤਾ ਗਿਆ ਸੀ। ਆਗੂਆਂ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਸਿਆਸੀ ਦਖਲਅੰਦਾਜ਼ੀ ਤਹਿਤ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ।
ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੂਪਨਗਰ ਦੇ ਐੱਸ ਐੱਸ ਪੀ ਸ੍ਰੀ ਅਖਿਲ ਚੌਧਰੀ ਨਾਲ਼ ਮੁਲਾਕਾਤ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਐੱਸ ਐੱਸ ਪੀ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਹੈ।
ਕਮਲਜੀਤ ਸਿੰਘ ਨਾਲ਼ ਹੋਈ ਕੁੱਟਮਾਰ ਦੀ ਘਟਨਾ ਦੀ ਨਿੰਦਾ ਕਰਦਿਆਂ ਪਿੰਡ ਬੈਂਸ ਦੀ ਸਰਪੰਚ ਜਸਵਿੰਦਰ ਕੌਰ ਨੇ ਕਿਹਾ ਕਮਲਜੀਤ ਸਿੰਘ ਨਾਲ਼ ਜ਼ਿਆਦਤੀ ਹੋ ਰਹੀ ਹੈ।
ਇਸ ਮੌਕੇ ਕਿਰਤੀ ਕਿਸਾਨ ਮੋਰਚਾ ਰੋਪੜ ਦੇ ਆਗੂ ਕੁਲਵੰਤ ਸਿੰਘ ਸੈਣੀ, ਮੁਲਾਜਮ ਆਗੂ ਮਲਾਗਰ ਸਿੰਘ ਖਮਾਣੋ, ਪੀਐਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਪੀੜਿਤ ਦੇ ਭਰਾ ਸੁਰਿੰਦਰਪਾਲ ਸਿੰਘ ਗੁਰਸੇਮਾਜਰਾ, ਸੋਹਣ ਸਿੰਘ ਬੈਂਸ, ਪਰਮਜੀਤ ਸਿੰਘ, ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਜਿਹੜਾ ਸਿਆਸੀ ਆਗੂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ ਉਸਦਾ ਵੀ ਇਲਾਕੇ ਵਿੱਚ ਵਿਰੋਧ ਕੀਤਾ ਜਾਵੇਗਾ ।