ਬਾਬੂਸ਼ਾਹੀ ਨਾਲ ਗੱਲਬਾਤ ਕਰਦੇ ਹੋਏ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਦ
ਦੀਦਾਰ ਗੁਰਨਾ
ਪਟਿਆਲਾ 22 ਜੁਲਾਈ : ਪਿਛਲੇ ਲੰਬੇ ਸਮੇਂ ਤੋਂ ਪੂਰੇ ਦੇਸ਼ ਅੰਦਰ ਕੋਰੋਨਾ ਮਹਾਂਮਾਰੀ ਨੇ ਆਪਣੇ ਮੱਕੜ ਜਾਲ ਸਦਕਾ ਹਜ਼ਾਰਾਂ ਜ਼ਿੰਦਗੀਆਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਹੈ ਜੇਕਰ ਅਸੀਂ ਹੁਣ ਵੀ ਇਸ ਬਿਮਾਰੀ ਨੂੰ ਕਾਬੂ ਕਰਨ ਦੇ ਲਈ ਸਰਕਾਰ ਤੇ ਸਿਹਤ ਵਿਭਾਗ ਦੀਆ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਆਉਣ ਵਾਲਾ ਸਮਾਂ ਸ਼ਾਇਦ ਇਸ ਤੋਂ ਵੀ ਭਿਆਨਕ ਹੋ ਸਕਦਾ ਹੈ ਕਿਉਂਕਿ ਕਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹਜੇ ਬਣੀ ਹੋਈ ਹੈ , ਇਹ ਸ਼ਬਦ ਅੱਜ ਬਾਬੂਸ਼ਾਹੀ ਨਾਲ ਖਾਸ ਗੱਲਬਾਤ ਕਰਦਿਆਂ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ੍ਰੀ ਚੰਦਰ ਗੈਂਦ ਨੇ ਕਹੇ
ਸ੍ਰੀ ਚੰਦਰ ਗੈਂਦ ਨੇ ਗੱਲਬਾਤ ਕਰਦੇ ਹੋਏ ਅੱਗੇ ਕਿਹਾ ਕਿ ਕੋਰੋਨਾ ਦੀ ਬਿਮਾਰੀ ਤੇ ਕਾਬੂ ਪਾਉਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਰ ਵਿਅਕਤੀ ਨੂੰ ਕਰੋਨਾ ਵੈਕਸੀਨ ਲਗਵਾ ਲੈਣੀ ਚਾਹੀਦੀ ਹੈ, ਜੋ ਕਿ ਬਿਲਕੁੱਲ ਸੁਰੱਖਿਅਤ ਹੈ , ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਹਰ ਵਿਅਕਤੀ ਨੂੰ ਜਲਦੀ ਤੋਂ ਜਲਦੀ ਆਪਣਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਟੀਕਾਕਰਨ ਹੋਣ ਤੋਂ ਬਾਅਦ ਵੀ ਕੋਵਿਡ ਤੋਂ ਬਚਾਅ ਸਬੰਧੀ ਸਾਰੀਆਂ ਹਦਾਇਤਾਂ ਦਾ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ , ਉਹਨਾਂ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਹਰ ਵਿਅਕਤੀ ਨੂੰ ਆਪਣਾ ਵਿਟਾਮਿਨ ਡੀ ਅਤੇ ਐਂਟੀ ਬੌਡੀ ਟੈਸਟ ਜਰੂਰ ਕਰਵਾ ਲੈਣਾ ਚਾਹੀਦਾ ਹੈ , ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ
ਉਨ੍ਹਾਂ ਸਮੂਹ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤਾਂ ਕਿ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ , ਉਨ੍ਹਾਂ ਆਖਿਆ ਕਿ ਭਾਵੇਂ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਪੂਰੀ ਵਿਉਂਤਬੰਦੀ ਅਤੇ ਅਹਿਤਿਆਤਾਂ ਦੀ ਪਾਲਣਾ ਕਰਨ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਕੁੱਝ ਲੋਕ ਅਜੇ ਵੀ ਇਸ ਨੂੰ ਬੇਧਿਆਨੀ ਕਰ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਹੇ ਹਨ ਸੋ ਸਮੂਹ ਵਿਅਕਤੀਤਵ ਨੂੰ ਆਪਣੇ ਫ਼ਰਜ਼ਾਂ ਦੀ ਪੂਰਤੀ ਦੇ ਲਈ ਅੱਗੇ ਆਉਣਾ ਚਾਹੀਦਾ ਹੈ