ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਸੂਬਾ ਤਾਲਮੇਲ ਕਮੇਟੀ ਪੰਜਾਬ ਦੇ ਵਫ਼ਦ ਨੇ ਮੰਤਰੀ ਭਾਰਤ ਭੂਸ਼ਣ ਨੂੰ ਦਿੱਤਾ ਮੰਗ ਪੱਤਰ
ਲੁਧਿਆਣਾ, 22 ਜੁਲਾਈ 2021 - ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਸੂਬਾ ਤਾਲਮੇਲ ਕਮੇਟੀ ਦਾ ਇਕ ਵਫਦ ਕਨਵੀਨਰ ਪ੍ਰਕਾਸ਼ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਹੱਕੀ ਮੰਗਾਂ ਸਬੰਧੀ ਸੂਬੇ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ ਅਤੇ ਮੰਗ-ਪੱਤਰ ਸੌਪਿਆ ਗਿਆ। ਇਸ ਮੌਕੇ ਤਾਲਮੇਲ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਆਗੂਆਂ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਸਬੰਧੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਤੇ ਤਾਲਮੇਲ ਕਮੇਟੀ ਵੱਲੋਂ ਵਿਸਥਾਰ ਨਾਲ ਮੰਗਾਂ ਸਬੰਧੀ ਗੱਲਬਾਤ ਕੀਤੀ ਗਈ।
ਉਪਰੰਤ ਮੰਤਰੀ ਵੱਲੋਂ ਅਗਲੀ ਕੈਬਨਿਟ 'ਚ ਮੰਗਾਂ ਸਬੰਧੀ ਹੱਲ ਲਈ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਕਨਵੀਨਰ ਪ੍ਰਕਾਸ਼ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਮੰਗਾਂ ਮੰਨ ਲਈਆਂ ਸਨ, ਉਨ੍ਹਾਂ 'ਚੋਂ ਬਿਨਾਂ ਸ਼ਰਤ ਬਿਜਲੀ ਮੁਫਤ ਦੇਣ ਲਈ 15 ਜ਼ਿਲਿ੍ਹਆਂ ਦੇ ਡੀਸੀ ਦਫ਼ਤਰਾਂ ਵੱਲੋਂ ਕਾਰਵਾਈ ਨਾ ਕਰਨ ਕਾਰਨ ਇਸ ਦਾ ਸੋਧ ਪੱਤਰ ਜਾਰੀ ਨਹੀਂ ਹੋ ਸਕਿਆ ਅਤੇ ਇਕ ਕਿੱਲੋਵਾਟ ਲੋਡ ਦੀ ਸ਼ਰਤ ਹਟਾਉਣ ਲਈ ਵੀ ਸੂਬਾ ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਹਾਂ, ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਪਰਿਵਾਰਾਂ 'ਚ ਰੋਸ ਦੀ ਲਹਿਰ ਹੈ।
ਇਸ ਤੋਂ ਇਲਾਵਾ ਰਹਿੰਦੀਆਂ ਮੰਗਾਂ ਜਿਨ੍ਹਾਂ ਵਿਚ ਪਰਿਵਾਰਾਂ ਦਾ ਮੁਫਤ ਇਲਾਜ, ਬੇਰੁਜ਼ਗਾਰ ਬੱਚਿਆਂ ਨੂੰ ਸਰਵੇ ਕਰਵਾ ਕੇ ਨੌਕਰੀ, ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਨੂੰ ਪੈਨਸ਼ਨ, ਮਕਾਨ ਉਸਾਰੀ ਵਰਗੀਆਂ ਸਹੂਲਤਾਂ ਨਾ ਦੇ ਸਕਣ ਤੇ ਸਰਕਾਰ ਵੱਲੋਂ ਚੋਣਾਂ 'ਚ ਕੀਤੇ ਵਾਅਦੇ ਯਾਦ ਕਰਵਾਏ ਗਏ, ਜਿਸ ਨੂੰ ਸੁਣਨ ਉਪਰੰਤ ਜਲਦ ਹੱਲ ਕਰਵਾਉਣ ਦਾ ਭਰੋਸਾ ਮਿਲਿਆ ਹੈ। ਇਸ ਮੌਕੇ ਨਵਤੇਜ ਭੱਠਲ, ਚੇਤਨਦੀਪ ਸਿੰਘ, ਪ੍ਰਰੀਤਮ ਸਿੰਘ ਮਾਨ, ਹਰਵਿੰਦਰ ਸਿੰਘ ਹੈਪੀ, ਬਲਜਿੰਦਰ ਸਿੰਘ ਤੇ ਮਹਿੰਦਰ ਕੌਰ ਆਦਿ ਹਾਜ਼ਰ ਸਨ।