ਬੀਡੀਪੀਓਜ਼ ਦੀ ਹੜਤਾਲ ਕਾਰਨ ਵਿਕਾਸ ਕਾਰਜਾਂ ਨੂੰ ਲੱਗੀ ਬਰੇਕ
ਸੰਜੀਵ ਜਿੰਦਲ
ਮਾਨਸਾ, 24 ਜੁਲਾਈ 2021 : ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਲਗਾਤਾਰ 17ਵੇਂ ਦਿਨ ’ਚ ਦਾਖਲ ਹੋ ਗਈ ਹੈ। ਅਧਿਕਾਰੀ ਹੜਤਾਲ ’ਤੇ ਜਾਣ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਇਨ੍ਹਾਂ ਕਾਰਜਾਂ ਦੇ ਠੱਪ ਹੋਣ ਨਾਲ ਦਿਹਾਤੀ ਖੇਤਰ ਵਿੱਚ ਮਗਨਰੇਗਾ ਕਾਰਜ ਵੀ ਪ੍ਰਭਾਵਿਤ ਹੋਣ ਲੱਗੇ ਹਨ।
ਮਾਨਸਾ ਵਿੱਚ ਲੱਗੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਬੀਡੀਪੀਓ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਪਿੰਡਾਂ ਵਿੱਚ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕੰਮਾਂ ਨੂੰ ਸਮੇਂ-ਸਿਰ ਨੇਪਰੇ ਚਾੜ੍ਹ ਕੇ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ, ਪਰ ਫਿਰ ਵੀ ਪੰਜਾਬ ਸਰਕਾਰ ਉਨ੍ਹਾਂ ਨਾਲ ਮਤਰੇਆ ਸਲੂਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਆਗੂਆਂ ’ਚ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ, ਜੋ ਨਰਾਜ਼ਗੀ ਪਾਈ ਜਾ ਰਹੀ ਹੈ, ਨੂੰ ਦੂਰ ਕਰਨ ਲਈ ਸਰਕਾਰ ਦੀ ਕੋਈ ਦਿਲਚਸਪੀ ਨਾ ਹੋਣ ਕਰਕੇ ਹੀ ਅਧਿਕਾਰੀਆਂ ਨੂੰ ਇਹ ਕਦਮ ਚੁੱਕਣਾ ਪਿਆ। ਇਸ ਮੌਕੇ ਮੇਜਰ ਸਿੰਘ ਧਾਲੀਵਾਲ, ਕਵਿਤਾ ਗਰਗ, ਸੁਖਦੀਪ ਸਿੰਘ, ਪਰਮਿੰਦਰ ਕੌਰ, ਗੁਰਮੀਤ ਕੌਰ,ਰਾਜ ਕੌਰ, ਭੀਮ ਸੈਨ, ਪੁਨੀਤ ਜਿੰਦਲ, ਮੱਖਣ ਸਿੰਘ, ਵਿਜੈ ਕੁਮਾਰ, ਰਕੇਸ਼ ਕੁਮਾਰ ਅਤੇ ਗੁਰਮੇਲ ਸਿੰਘ ਨੇ ਵੀ ਸੰਬੋਧਨ ਕੀਤਾ।