ਮਾਨਸਾ ਸੀਐੱਨਜੀ ਧਮਾਕੇ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਰੋਸ ਵਿੱਚ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੰਪ ’ਤੇ ਧਰਨਾ ਜਾਰੀ
ਸੰਜੀਵ ਜਿੰਦਲ
ਮਾਨਸਾ, 24 ਜੁਲਾਈ 2021 : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਪਿਛਲੇ ਦਿਨੀ ਮਾਨਸਾ ਦੇ ਪੈਟਰੋਲ ਪੰਪ ਉਪਰ ਗੈਸ ਭਰਨ ਸਮੇਂ ਹੋਏ ਹਾਦਸੇ ਵਿੱਚ ਮਰਨ ਵਾਲੇ ਪੈਟਰੋਲ ਪੰਪ ’ਤੇ ਕੰਮ ਕਰਦੇ ਮੁਲਾਜ਼ਮ ਵਿਕਰਮ ਸਿੰਘ ਦੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦਾ ਵਾਅਦਾ ਕਰ ਕੇ ਮੁਕਰਨ ਖਿਲਾਫ਼ ਪੈਟਰੋਲ ਪੰਪ ਉਪਰ ਲਗਾਤਾਰ ਧਰਨਾ 5ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਕਾਮਰੇਡ ਜਰਨੈਲ ਸਿੰਘ ਮਾਨਸਾ, ਕਾਮਰੇਡ ਕ੍ਰਿਸ਼ਨਾ ਕੌਰ ਅਤੇ ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਸੀਐੱਨਜੀ ਲਗਾਉਣਾ ਗੈਰ-ਕਾਨੂੰਨੀ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਮਾਲਕ ਖ਼ਿਲਾਫ਼ ਭਾਵੇ ਪ੍ਰਸ਼ਾਸਨ ਨੇ ਪਰਚਾ ਦਰਜ ਕਰ ਦਿੱਤਾ ਹੈ ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਪੈਟਰੋਲ ਪੰਪ ਹਾਦਸੇ ਵਿੱਚ ਮਰਨ ਵਾਲੇ ਮੁਲਾਜ਼ਮ ਨੌਜਾਵਨ ਦੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਅਤੇ ਗੈਰ ਕਾਨੂੰਨੀ ਸੰਘਣੀ ਆਬਾਦੀ ਵਿੱਚ ਸੀਐਨਜੀ ਪੰਪ ਲਗਾਉਣ ਵਾਲੇ ਮਾਲਕ ਨੂੰ ਗਿ੍ਰਫ਼ਤਾਰ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਨੰਦਗੜ੍ਹ ਸਮੇਤ ਪੀੜਤ ਪਰਿਵਾਰ ਤੇ ਮਹੁੱਲਾ ਨਿਵਾਸੀ ਵੀ ਹਾਜ਼ਰ ਸਨ।