ਪੰਜਾਬ ਦੇ ਸਰਕਾਰੀ ਕਾਲਜਾਂ ਦੇ ਭਾਗ ਨਹੀਂ ਜਗਾ ਸਕੀ ਕਾਂਗਰਸ ਸਰਕਾਰ
ਸੰਜੀਵ ਜਿੰਦਲ
ਮਾਨਸਾ , 25 ਜੁਲਾਈ 2021 : ਪੰਜਾਬ ਸਰਕਾਰ ਸਕੂਲੀ ਸਿੱਖਿਆ ਵਿੱਚ ਪੂਰੇ ਭਾਰਤ ਵਿੱਚੋਂ ਆਪਣੇ ਆਪ ਨੂੰ ਮੋਹਰੀ ਆਉਣ ਤੇ ਵੱਡੀਆਂ ਵੱਡੀਆਂ ਗੱਲਾਂ ਕਰ ਰਹੀ ਹੈ । ਪਰ ਹਕੀਕਤ ਕੁਝ ਹੋਰ ਹੈ ' ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ' । ਅਸਲ ਵਿੱਚ ਪੰਜਾਬ ਉਚੇਰੀ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਪਛੜ ਰਿਹਾ ਹੈ। ਕੋਰੋਨਾ ਕਹਿਰ ਤੋਂ ਬਾਅਦ ਸਥਿਤੀ ਹੋਰ ਵੀ ਚਿੰਤਾਜਨਕ ਹੋ ਗਈ ਹੈ। ਨੌਜਵਾਨ ਪੀੜ੍ਹੀ ਵਿਦੇਸ਼ ਉਡਾਰੀ ਮਾਰਨ ਲੱਗੀ ਹੈ ਅਤੇ ਸਰਕਾਰੀ ਕਾਲਜਾਂ ਦੇੇ ਰੰਗ ਬਦਰੰਗ ਹੋ ਗਏ ਹਨ। ਇਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਦਾ ਅਵੇਸਲਾਪਣ ਹੀ ਕਿਹਾ ਜਾ ਸਕਦਾ ਹੈ। ਭਾਸ਼ਾ ਦੇ ਵਿਕਾਸ ਲਈ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਗ੍ਰਾਂਟ ਨੂੰ ਤਰਸ ਰਹੀ ਹੈ, ਤਾਂ ਕਾਲਜਾਂ ਦਾ ਕੀ ਹਾਲ ਹੋਵੇਗਾ। ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਕੁਝ ਵੀ ਹੋਵੇ ਪੰਜਾਬ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਪਛੜ ਰਿਹਾ ਹੈ। ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਅੱਗੇ ਲੰਘ ਗਏ ਹਨ। ਪੰਜਾਬ ਵਿਚ ਬਣੇ 47 ਡਿਗਰੀ ਕਾਲਜ ਆਖ਼ਰੀ ਸਾਹਾਂ ’ਤੇ ਚੱਲ ਰਹੇ ਹਨ। ਹਿਮਾਚਲ ਵਿਚ 94 ਅਤੇ ਹਰਿਆਣਾ ਵਿਚ 170 ਦੇ ਕਰੀਬ ਡਿਗਰੀ ਕਾਲਜ ਹਨ।
ਦੱਸਣਯੋਗ ਹੈ ਕਿ ਗੁਆਂਢੀ ਸੂਬੇ ਲਗਾਤਾਰ ਨਵੀਂ ਭਰਤੀ ਕਰਦੇ ਰਹਿੰਦੇ ਹਨ। ਪੰਜਾਬ ਅੰਦਰ 1996 ਤੋਂ ਬਾਅਦ ਰੈਗੂਲਰ ਪ੍ਰੋਫੈਸਰਾਂ ਦੀ ਭਰਤੀ ਨਹੀਂ ਕੀਤੀ ਗਈ। ਪੀਟੀਏ ਫੰਡਾਂ ਨਾਲ ਆਰਜ਼ੀ ਤੌਰ ’ਤੇ ਰੱਖੇ ਪ੍ਰੋਫੈਸਰਾਂ ਰਾਹੀਂ ਉਚੇਰੀ ਸਿੱਖਿਆ ਦਾ ਰੋਹੜਾ ਰੋੜਿਆ ਜਾ ਰਿਹਾ ਹੈ। ਪੰਜਾਬ ਵਿਚ ਸਮੇਂ ਦੀਆਂ ਸਰਕਾਰਾਂ ਨੇ ਕਾਲਜਾਂ ਅੰਦਰ ਨਵੀਂ ਭਰਤੀ ਨਾ ਖੋਲ੍ਹ ਕੇ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਬਰਬਾਦੀ ਵੱਲ ਧੱਕਣ ਦੀ ਕੋਈ ਕਸਰ ਨਹੀਂ ਛੱਡੀ। ਸਾਲ 1990 ਵਿੱਚ 1873 ਪੋਸਟਾਂ ਮਨਜ਼ੂਰ ਸਨ ਪਰ ਉਸ ਤੋਂ ਬਾਅਦ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਨਾਂ ਅਕਾਲੀ ਇਸ ਵਲ ਝਾਕੇ ਅਤੇ ਨਾ ਹੀ ਕਾਂਗਰਸ ਨੇ ਕਾਲਜਾਂ ਦੀ ਸਾਰ ਲਈ। ਸਰਕਾਰੀ ਕਾਲਜਾਂ ਵਿੱਚ ਮਨਜ਼ੂਰਸ਼ੁਦਾ ਪੋਸਟਾਂ 1873 ਹਨ , ਜਿੰਨਾ ਵਿੱਚ ਰੈਗੂਲਰ ਲੈਕਚਰਾਰ 378 , ਪਾਰਟ ਟਾਈਮ 245 ਅਤੇ ਗੈਸਟ ਫੈਕਲਟੀ 962 ਹਨ। ਪੰਜਾਬ ਦੇ ਸਾਰੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਆਰਜੀ ਪ੍ਰੋਫੈਸਰਾਂ ਰਾਹੀਂ ਪੜ੍ਹਾਉਣ ਨਾਲ ਕੰਮ ਸਾਰਿਆ ਜਾ ਰਿਹਾ ਹੈ। ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਦੁੱਖੜਾ ਜ਼ਾਹਿਰ ਕਰਦਿਆਂ ਕਿਹਾ ਕਿ ਨਵੇ ਨਵੇਂ ਵਿਸ਼ੇ ਆਉਣ ਨਾਲ ਪੋਸਟਾਂ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ। ਪੰਜਾਬ ਦੇ ਕਾਲਜਾਂ ਵਿੱਚ 1500 ਦੇ ਕਰੀਬ ਪੋਸਟਾਂ ਖਾਲੀ ਪਈਆਂ ਹਨ। ਉਪਰੋਂ ਸਿਤਮਜ਼ਰੀਫੀ ਇਹ ਕਿ ਪੰਜਾਬ ਦੇ ਕਾਲਜਾਂ ਦੀਆਂ ਰੈਗੂਲਰ 378 ਪੋਸਟਾਂ ਵਿਚੋਂ 39 ਪ੍ਰੋਫੈਸਰ ਚੰਡੀਗੜ੍ਹ ਦੇ ਸਰਕਾਰੀ ਕਾਲਜਾਂ ਅੰਦਰ ਡੈਪੂਟੇਸ਼ਨ ’ਤੇ ਤੈਨਾਤ ਕੀਤੇ ਗਏ ਹਨ।
ਬਾਬੂਸ਼ਾਹੀ ਦੀ ਟੀਮ ਦੇ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ 378 ਲੈਕਚਰਾਰਾਂ ਵਿਚੋਂ 2027 ਤੱਕ 300 ਦੇ ਕਰੀਬ ਸੇਵਾ ਮੁਕਤ ਹੋਣ ਜਾਣਗੇ। ਕੁਝ ਸਮਾਂ ਪਹਿਲਾ ਕੈਪਟਨ ਸਰਕਾਰ ਨੇ ਕਾਲਜਾਂ ਅੰਦਰ 931 ਨਵੀਆਂ ਪੋਸਟਾਂ ਅਤੇ 12 ਨਵੇਂ ਡਿਗਰੀ ਕਾਲਜ ਖੋਲ੍ਹਣ ਦੀ ਗੱਲ ਕੀਤੀ ਸੀ ਪਰ ਉਹ ਵੀ ਠੰਢੇ ਬਸਤੇ ਵਿਚ ਪਾ ਦਿੱਤੀ ਗਈ। ਕਹਿੰਦੇ ਹਨ ਕਿ ਅੰਨ੍ਹੇ ਦੀਆਂ ਮੱਖੀਆਂ ਤਾਂ ਰੱਬ ਹੀ ਉਡਾਉਂਦਾ ਹੈ , ਬਸ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਕੁਝ ਇਸੇ ਤਰ੍ਹਾਂ ਦਾ ਹੋ ਗਿਆ । ਸਰਕਾਰੀ ਕਾਲਜਾਂ ਵਿੱਚ ਪੜ੍ਹਦੇ ਬੱਚੇ ਆਪਣੀ ਮਿਹਨਤ ਅਤੇ ਬਲਬੂਤੇ ਤੇ ਅਤੇ ਮਾਪਿਆਂ ਦੀ ਸਹਾਇਤਾ ਨਾਲ ਜੇਕਰ ਚੰਗੇ ਨੰਬਰ ਪ੍ਰਾਪਤ ਕਰਦੇ ਹਨ ਤਾਂ ਸਰਕਾਰੀ ਕਾਲਜ ਉਸ ਨੂੰ ਆਪਣੀ ਮਿਹਨਤ ਦਾ ਫਲ ਦੱਸਦੇ ਹਨ । ਸੱਚੀ ਗੱਲ ਹੈ ਕਿ ਪੰਜਾਬ ਚ ਹਰ ਸਿਸਟਮ ਤਾਂ ਰੱਬ ਆਸਰੇ ਹੀ ਚੱਲਦਾ ਹੈ । ਬੜੀ ਹੀ ਸ਼ਰਮ ਦੀ ਗੱਲ ਹੈ ਕਿ ਸਰਕਾਰੀ ਕਾਲਜ ਵਿੱਚ ਪੜ੍ਹਦੇ ਬੱਚਿਆਂ ਨੇ ਜਦੋਂ ਦੱਸਿਆ ਕਿ ਪੜ੍ਹਾਉਣ ਵਾਲੇ ਡੰਗ ਟਪਾਊ ਲੈਕਚਰਾਰ ਖ਼ੁਦ ਬੱਚਿਆਂ ਨੂੰ ਕਹਿ ਰਹੇ ਹਨ ਕਿ ਤੁਸੀਂ ਜੇਕਰ ਜ਼ਿੰਦਗੀ ਵਿਚ ਕੁਝ ਬਣਨਾ ਹੈ ਤਾਂ ਚੰਗੇ ਜਾਂ ਪ੍ਰਾਈਵੇਟ ਕਾਲਜਾਂ ਵਿਚ ਦਾਖਲਾ ਲਓ ਇੱਥੇ ਕੁਝ ਨਹੀਂ ਰੱਖਿਆ । ਪਰ ਕੋਰੋਨਾ ਸੰਕਟ ਕਾਰਨ ਹਰੇਕ ਘਰ ਦੀ ਆਰਥਿਕਤਾ ਮੰਦੀ ਹੋ ਗਈ ਹੈ ਤਾਂ ਲੋਕ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਦਾਖ਼ਲਾ ਦਿਵਾਉਣ ਦੇ ਅਸਮਰੱਥ ਹਨ ਜਿਸ ਕਾਰਨ ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ ।