← ਪਿਛੇ ਪਰਤੋ
ਮਾਨਸਾ ਦੇ ਇੱਕ ਨੌਜਵਾਨ ਨੇ ਧਮਕੀਆਂ ਅਤੇ ਕੁੱਟਮਾਰ ਤੋਂ ਦੁਖੀ ਹੋਕੇ ਕੀਤੀ ਖੁਦਕੁਸ਼ੀ ਮਾਨਸਾ ਥਾਣਾ ਸਿਟੀ- 2 ਦੀ ਪੁਲਿਸ ਨੇ ਦੋ ਦਿਨਾਂ ਵਿੱਚ ਨਹੀਂ ਕੀਤੀ ਕੋਈ ਕਾਰਵਾਈ ਅਖੀਰ ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰ ਮੁਕਤੀ ਮੋਰਚਾ ਨੇ ਥਾਣੇ ਮੂਹਰੇ ਲਾਇਆ ਧਰਨਾ , ਫਿਰ ਹੋਈ ਐੱਫਆਈਆਰ ਦਰਜ ਸੰਜੀਵ ਜਿੰਦਲ ਮਾਨਸਾ , 26 ਜੁਲਾਈ 2021 : ਮਾਨਸਾ ਦੇ ਵਸਨੀਕ ਗਗਨਦੀਪ ਉਰਫ ਗੋਪੀ ਨੇ ਦੋ ਦਿਨ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਇੱਕ ਆਡੀਓ ਕਲਿੱਪ ਵੀ ਭੇਜੀ ਜਿਸ ਵਿੱਚ ਉਸ ਨੇ ਮਾਨਸਾ ਦੇ ਹੀ ਵਸਨੀਕ ਦੋ ਵਿਅਕਤੀਆਂ ਅਤੇ ਇਕ ਔਰਤ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ । ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਕੱਲ੍ਹ ਸ਼ਾਮ ਤੱਕ ਵੀ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ । ਮ੍ਰਿਤਕ ਨੇ ਆਡੀਓ ਕਲਿੱਪ ਵਿੱਚ ਦੱਸਿਆ ਹੈ ਕਿ ਇਹ ਤਿੰਨ ਵਿਅਕਤੀ ਪਿਛਲੇ ਕੁਝ ਸਮੇਂ ਤੋਂ ਮੈਨੂੰ ਪਰੇਸ਼ਾਨ ਕਰ ਰਹੇ ਸਨ ।ਜਿਨ੍ਹਾਂ ਨੇ ਮੇਰੀ ਕੁੱਟਮਾਰ ਕੀਤੀ ਅਤੇ ਹਰ ਰੋਜ਼ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਦਿੰਦੇ ਸਨ, ਜਿਸ ਕਾਰਨ ਮ੍ਰਿਤਕ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਕੱਲ੍ਹ ਸ਼ਾਮ ਪਰਿਵਾਰਕ ਮੈਬਰਾਂ ਨੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਮਾਓ ਦੀ ਸਹਾਇਤਾ ਨਾਲ ਮਾਨਸਾ ਥਾਣਾ ਸਿਟੀ-2 ਮੂਹਰੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ । ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਕਸੂਰਵਾਰ ਵਿਅਕਤੀਆਂ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਅੱਜ ਥਾਣੇ ਅੱਗੇ ਮਿ੍ਤਕ ਨੌਜਵਾਨ ਦੀ ਲਾਸ਼ ਰੱਖਕੇ ਪ੍ਰਦਰਸ਼ਨ ਕਰਨਗੇ।ਜਿਸ ਤੋਂ ਬਾਅਦ ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਤਿੰਨ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ-2 ਦੇ ਮੁਖੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਮਿ੍ਤਕ ਦੀ ਮਾਤਾ ਸ਼ਿਮਲਾ ਦੇਵੀ ਦੇ ਬਿਆਨਾਂ ’ਤੇ ਤਿੰਨ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਨੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਥਾਣਾ ਮੁਖੀ ਨੇ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਦੋਸ਼ੀ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ । ਮ੍ਰਿਤਕ ਨੌਜਵਾਨ ਗਗਨਦੀਪ ਮੰਗਲਾ ਮੋਬਾਈਲ ਰਿਪੇਅਰ ਦੀ ਦੁਕਾਨ ਚਲਾਉਂਦਾ ਸੀ ਜੋ ਆਪਣੇ ਪਿੱਛੇ ਆਪਣੇ 13 ਸਾਲਾ ਲੜਕਾ ਅਤੇ ਆਪਣੀ ਪਤਨੀ ਛੱਡ ਗਿਆ ਹੈ ।
Total Responses : 929