ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2021: ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਵਿਖੇ ਕਰੀਬ ਤਿੰਨ ਦਹਾਕੇ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਐਸ.ਬੀ.ਏ.ਐਸ.ਸਰਕਾਰੀ ਬਹੁਤਕਨੀਕੀ ਕਾਲਜ, ਬਡਬਰ (ਬਰਨਾਲਾ) ਵਿਖੇ ਤਬਦੀਲ ਹੋਏ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ ਜਿਸ ’ਚ ਕਾਲਜ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁਖੀ ਵਿਭਾਗ ਕੰਪਿਊਟਰ ਇੰਜੀਨੀਅਰ ਰਾਜ ਕੁਮਾਰ ਚੋਪੜਾ ਨੇ ਪਿ੍ਰੰ: ਯਾਦਵਿੰਦਰ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਵੱਲੋਂ ਕਾਲਜ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਰੇ ਵਿਭਾਗਾਂ ਦੇ ਮੁਖੀਆਂ ਨੇ ਯਾਦਵਿੰਦਰ ਸਿੰਘ ਵੱਲੋਂ ਕਾਲਜ ਦੀ ਤਰੱਕੀ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪਰਿਵਾਰ ਸਮੇਤ ਉਚੇਚੇ ਤੌਰ ਤੇ ਪਹੁੰਚੇ ਪਿ੍ਰੰ: ਯਾਦਵਿੰਦਰ ਸਿੰਘ ਨੂੰ ਸਮੂਹ ਸਟਾਫ ਦੀ ਤਰਫੋਂ ਸਨਮਾਨ ਚਿੰਨ ਭੇਂਟ ਕੀਤਾ ਗਿਆ ।
ਪਿ੍ਰੰ: ਯਾਦਵਿੰਦਰ ਸਿੰਘ ਨੇ ਆਪਣੀ ਤਕਰੀਰ ਦੌਰਾਨ ਆਖਿਆ ਕਿ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਨੂੰ ਇਸ ਕਾਲਜ ਵਿਖੇ ਲਗਭੱਗ ਤੀਹ ਸਾਲ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਾਲਜ ਦੇ ਸਮੂਹ ਸਟਾਫ ਦੇ ਸਹਿਯੋਗ ਦਾ ਹੀ ਨਤੀਜਾ ਹੈ ਕਿ ਇਹ ਕਾਲਜ ਨੇ ਪੰਜਾਬ ਦੇ ਮੋਹਰੀ ਕਾਲਜਾਂ ਵਿੱਚ ਆਪਣਾ ਸਥਾਨ ਬਣਾਇਆ ਹੈ । ਉਨ੍ਹਾਂ ਦੱਸਿਆ ਕਿ ਕਾਲਜ ਨੇ ਲਗਾਤਾਰ ਤਿੰਨ ਵਾਰ ਨਿਟਰ-ਚੰਡੀਗੜ੍ਹ ਵੱਲੋਂ ਉੱਤਰੀ ਭਾਰਤ ਦਾ ਆਊਟਸਟੈਂਡਿੰਗ ਇੰਸਟੀਚਿਊਸ਼ਨ ਅਵਾਰਡ ਵੀ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਲਜ ਦਾ ਸਾਰਾ ਸਟਾਫ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲਾ ਹੈ । ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਮਿਹਨਤ ਕਰਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਪਿ੍ਰੰਸੀਪਲ ਮੈਡਮ ਅਨੂਜਾ ਪੁਪਨੇਜਾ ਨੂੰ ਇਸ ਕਾਲਜ ਦਾ ਚਾਰਜ ਸੰਭਾਲਣ ਤੇ ਵਧਾਈ ਦਿੱਤੀ । ਕਾਲਜ ਦੇ ਪਿ੍ਰੰਸੀਪਲ ਮੈਡਮ ਅਨੂਜਾ ਪੁਪਨੇਜਾ ਵੱਲੋਂ ਸਾਰੇ ਸਟਾਫ ਦੀ ਤਰਫੋਂ ਪਿ੍ਰੰ: ਯਾਦਵਿੰਦਰ ਸਿੰਘ ਅਤੇ ਪਰਿਵਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀ ਯੋਗ ਅਗਵਾਈ, ਦਿਆਨਤਦਾਰੀ ਅਤੇ ਦਿ੍ਰੜ ਸੰਕਲਪ ਨਾਲ ਕੀਤੀ ਸੇਵਾ ਨੂੰ ਯਾਦ ਕੀਤਾ ਅਤੇ ਸਟਾਫ ਦੇ ਸਹਿਯੋਗ ਨਾਲ ਕਾਲਜ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਦਾ ਯਕੀਨ ਦਵਾਇਆ। ਅੰਤ ਵਿੱਚ ਪਿ੍ਰੰ: ਯਾਦਵਿੰਦਰ ਸਿੰਘ, ਪਿ੍ਰੰ: ਅਨੂਜਾ ਪੁਪਨੇਜਾ ਅਤੇ ਸਮੂਹ ਸਟਾਫ ਨੇ ਪੰਜਾਬ ਸਰਕਾਰ ਦੇ ਮਿਸ਼ਨ ਨਸ਼ਾ ਰਹਿਤ ਪੰਜਾਬ-ਹਰਾ ਭਰਾ ਪੰਜਾਬ ਦਾ ਕਾਲਜ ਵਿੱਚ ਪੌਦੇ ਲਾ ਕੇ ਆਗਾਜ਼ ਕੀਤਾ ਅਤੇ ਰੁੱਖਾਂ ਦੀ ਸੰਭਾਲ ਦਾ ਸੁਨੇਹਾ ਦਿੱਤਾ। ਸਮਾਰੋਹ ਦਾ ਸਟੇਜ ਸੰਚਾਲਨ ਮੈਡਮ ਸਰਬਜੀਤ ਕੌਰ, ਸੀਨੀ: ਲੈਕਚਰਾਰ ਨੇ ਕੀਤਾ।