ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2021: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਬਲਾਕ ਬਠਿੰਡਾ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਅੰਮਿ੍ਰਤ ਪਾਲ ਕੌਰ ਬੱਲੂਆਣਾ ਤੇ ਜਸਵੀਰ ਕੌਰ ਬਠਿੰਡਾ ਦੀ ਅਗਵਾਈ ਹੇਠ ਕਾਂਗਰਸ ਦੇ ਵਿਧਾਇਕ ਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਭੁੱਖ ਹੜਤਾਲ ਰੱਖਣ ਉਪਰੰਤ ਯੂਨੀਅਨ ਦੇ ਸੂਬਾ ਦਫਤਰ ਸਕੱਤਰ ਛਿੰਦਰਪਾਲ ਕੌਰ ਥਾਂਦੇਵਾਲਾ ਦੀ ਹਾਜਰੀ ’ਚ ਵਿੱਤ ਮੰਤਰੀ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ , ਨੂੰ ਹੋਏ ਸਮਝੌਤੇ ਅਨੁਸਾਰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ ।
ਆਗੂਆਂ ਨੇ ਮੰਗ ਕੀਤੀ ਕਿ ਨਰਸਰੀ ਟੀਚਰ ਦਾ ਦਰਜਾ ਆਂਗਣਵਾੜੀ ਵਰਕਰਾਂ ਨੂੰ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ । ਐਨ ਜੀ ਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਮੁੱਖ ਵਿਭਾਗ ਅਧੀਨ ਲਿਆਂਦਾ ਜਾਵੇ । ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ , ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਦਿੱਤੇ ਜਾਣ । ਸਰਕਲ ਮੀਟਿੰਗ ਦਾ ਕਿਰਾਇਆ 200 ਰਪਏ ਦਿੱਤਾ ਜਾਵੇ । ਪੀ ਐਮ ਵੀ ਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਿਲੀਜ ਕੀਤੇ ਜਾਣ । 2015 ਵਿੱਚ ਗਲਤ ਸਰਟੀਫਿਕੇਟ ਪੇਸ ਕਰਕੇ ਵਰਕਰ ਤੋਂ ਸੁਪਰਵਾਈਜਰ ਬਣੀਆਂ , ਸੁਪਰਵਾਈਜਰਾਂ ਜਿਨ੍ਹਾਂ ਦੇ ਖਿਲਾਫ ਮਹਿਕਮੇ ਵੱਲੋਂ ਪੜਤਾਲ ਪੂਰੀ ਹੋ ਚੁੱਕੀ ਹੈ , ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰਕੇ 420 ਦੇ ਪਰਚੇ ਦਰਜ ਕਰਵਾਏ ਜਾਣ ।
ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ ਮਿੰਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ । ਬਾਲਣ ਦੇ ਪੈਸੇ ਜੋ ਪ੍ਰਤੀ ਲਾਭਪਾਤਰੀ 40 ਪੈਸੇ ਮਿਲਦੇ ਹਨ , ਉਹ ਇੱਕ ਰੁਪਈਆ ਕੀਤਾ ਜਾਵੇ । ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਮੰਨੀਆਂ ਨਾਂ ਤਾਂ ਕਾਂਗਰਸੀ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਦੋ ਦਿਨ ਭੁੱਖ ਹੜਤਾਲ ਰੱਖੀ ਜਾਵੇਗੀ ਤੇ ਖੂਨ ਨਾਲ ਲਿਖ ਕੇ ਮੰਗ ਪੱਤਰ ਦਿੱਤੇ ਜਾਣਗੇ । ਇਸ ਮੌਕੇ ਗੁਰਮੀਤ ਕੌਰ ਗੋਨੇਆਣਾ, ਰਣਜੀਤ ਕੌਰ , ਬਲਵੀਰ ਕੌਰ ਭੋਖੜਾ , ਗੁਰਚਰਨ ਕੌਰ ਬਠਿੰਡਾ, ਸੁਖਦੇਵ ਕੌਰ , ਰੇਖਾ ਰਾਣੀ , ਮਨਪ੍ਰੀਤ ਕੌਰ ਸਿਵੀਆਂ , ਕੁਲਦੀਪ ਕੌਰ , ਰੁਪਿੰਦਰ ਕੌਰ , ਰੁਪਿੰਦਰ ਕੌਰ ਬਹਿਮਣ ਦੀਵਾਨਾ , ਦਰਸ਼ਨਾ , ਸੋਮਾ ਰਾਣੀ , ਸਤਵੀਰ ਕੌਰ , ਮਨਜੀਤ ਕੌਰ , ਕਰਮਜੀਤ ਕੌਰ ਬੱਲੂਆਣਾ , ਹਰਪਿੰਦਰ ਕੌਰ, ਹਰਵੀਰ ਕੌਰ ਤੇ ਗੁਰਬਿੰਦਰ ਕੌਰ ਆਦਿ ਆਗੂ ਮੌਜੂਦ ਸਨ ।