ਪ੍ਰੀਖਿਆ ਪਾਸ ਕਰਨ ਵਾਲੇ 500 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਮਿਲੇਗਾ ਮਹੀਨਾਵਾਰ ਵਜ਼ੀਫ਼ਾ
ਐੱਸ.ਏ.ਐੱਸ. ਨਗਰ 26 ਜੁਲਾਈ 2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਵੱਲੋਂ ਲਈ ਗਈ ਪ੍ਰੀਖਿਆ ਪੀ.ਐੱਸ.ਟੀ.ਐੱਸ.ਈ. ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਸਮੂਹ ਸਫ਼ਲ ਹੋਏ ਵਿਦਿਆਰਥੀਆਂ, ਮਾਪਿਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਮੂਹ ਜ਼ਿਲ੍ਹਿਆਂ ਵਿੱਚ ‘ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ-2020' ਜੋ ਮਿਤੀ 3 ਜਨਵਰੀ 2021 ਨੂੰ ਤਹਿਸੀਲ ਪੱਧਰ ਤੇ ਕਰਵਾਈ ਗਈ ਸੀ। ਵਿਭਾਗ ਵੱਲੋਂ ਇਸ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ 500 ਯੋਗ ਵਿਦਿਆਰਥੀ ਵਿਭਾਗ ਵੱਲੋਂ ਵਜ਼ੀਫ਼ਾ ਪ੍ਰਾਪਤ ਕਰਨ ਦੇ ਹੱਕਦਾਰ ਹੋ ਗੲੇ ਹਨ। ਵਿਭਾਗ ਵੱਲੋਂ ਇਸ ਸੰਬੰਧੀ ਸਫ਼ਲ ਹੋਏ ਵਿਦਿਆਰਥੀਆਂ ਦੀ ਕੈਟਾਗਰੀ ਵਾਇਜ਼ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਿਸ ਨੂੰ ਵਿਭਾਗ ਦੀ ਵੈਬਸਾਈਟ www.ssapunjab.org ਤੇ ਦੇਖਿਆ ਜਾ ਸਕਦਾ ਹੈ। ਵਿਭਾਗ ਵੱਲੋਂ ਰਿਜ਼ਲਟ ਪਤਾ ਕਰਨ ਦੇ ਸੰਬੰਧ ਵਿੱਚ ਇਸ ਪ੍ਰੀਖਿਆ ਵਿੱਚ ਅਪੀਅਰ ਹੋਏ ਸਾਰੇ ਵਿਦਿਆਰਥੀਆਂ ਦਾ ਨਤੀਜਾ ਵੀ ਵੈਬਸਾਈਟ ਤੇ ਪਾ ਦਿੱਤਾ ਗਿਆ ਹੈ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਜਨਰਲ ਕੈਟਾਗਰੀ ਨਾਲ ਸਬੰਧਤ 318, ਅਨੁਸੂਚਿਤ ਜਾਤੀ ਨਾਲ ਸਬੰਧਤ 125, ਪਿਛੜੀਆਂ ਸ਼੍ਰੇਣੀਆਂ ਨਾਲ ਸਬੰਧਤ 50 ਅਤੇ ਅਪੰਗਤਾ ਸ੍ਰੈਣੀ ਨਾਲ ਸਬੰਧਤ 7 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫ਼ਲ ਹੋਏ ਹਨ। ਇਹਨਾਂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ 2 ਸੌ ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਹ ਰਾਸ਼ੀ ਉਹਨਾਂ ਨੂੰ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣ ਵਿੱਚ ਸਹਾਈ ਹੋਵੇਗੀ।
ਇਸ ਸਬੰਧੀ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਮਿਤੀ 3 ਜਨਵਰੀ 2021 ਨੂੰ ਲਈ ਗਈ 180 ਅੰਕਾਂ ਦੀ ਇਸ ਪ੍ਰੀਖਿਆ ਵਿੱਚ ਮਾਨਸਿਕ ਯੋਗਤਾ ਟੈਸਟ (ਮੈਟ) ਦੇ 90 ਅੰਕ ਅਤੇ ਸਕੋਲਾਸਟਿਕ ਐਪਟੀਚਿਊਡ ਟੈਸਟ (ਸੈਟ) ਦੇ 90 ਅੰਕ ਰੱਖੇ ਗਏ ਸਨ। ਇਸ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਸਮਾਜਿਕ ਸਿੱਖਿਆ, ਗਣਿਤ ਅਤੇ ਮਾਨਸਿਕ ਯੋਗਤਾ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨ ਪੁੱਛੇ ਗਏ ਸਨ।