ਡਾਕਟਰਾਂ ਦੀ ਤਾਲਮੇਲ ਕਮੇਟੀ ਵੱਲੋਂ ਧਰਨਾ ਮੁਲਤਵੀ, ਸੰਘਰਸ਼ ਜਾਰੀ ਮੰਤਰੀ ਦੇ ਭਰੋਸੇ ਤੋਂ ਬਾਅਦ ਡਾਕਟਰ ਸਰਕਾਰੀ ਫ਼ੈਸਲੇ ਦੀ ਉਡੀਕ ਵਿੱਚ ।
- ਡਾਕਟਰਾਂ ਵੱਲੋਂ ਧਰਨਾ ਸ਼ੁੱਕਰਵਾਰ ਤੱਕ ਮੁਲਤਵੀ , ਸੰਘਰਸ਼ ਜਾਰੀ ਰਹੇਗਾ
- ਸਰਕਾਰੀ ਓ.ਪੀ.ਡੀਜ਼/ ਵਿਭਾਗੀ ਟਰੇਨਿੰਗਾਂ / ਮੀਟਿੰਗਾਂ ਦੇ ਬਾਈਕਾਟ ਦਾ ਸੱਦਾ –ਸਮਾਨੰਤਰ ਓ.ਪੀ.ਡੀਜ਼ ਲਗਾ ਕੇ ਮਰੀਜ਼ ਦੇਖੇ ਜਾਣਗੇ
- ਐਮਰਜੈਂਸੀ/ਕੋਵਿੱਡ/ ਮੈਡੀਕੋ/ ਵੈਟਰੋ-ਲੀਗਲ ਅਤੇ ਪੋਸਟਮਾਰਟਮ ਸੰਬੰਧੀ ਸੇਵਾਵਾਂ ਆਮ ਵਾਂਗੂੰ ਜਾਰੀ ਰਹਿਣਗੀਆਂ
ਚੰਡੀਗੜ੍ਹ 26 ਜੁਲਾਈ 2021- ਜੁਆਇੰਟ ਗੌਰਮਿੰਟ ਡਾਕਟਰਜ ਕੋਆਰਡੀਨੇਸ਼ਨ ਕਮੇਟੀ ਵੱਲੋਂ ਬੀਤੇ ਕੱਲ੍ਹ ਇਕ ਵਰਚੂਅਲ ਮੀਟਿੰਗ ਕੀਤੀ ਗਈ ਅਤੇ ਸੂਬੇ ਦੇ ਸਰਕਾਰੀ ਡਾਕਟਰਾਂ ਵੱਲੋਂ 23 ਜੁਲਾਈ ਨੂੰ ਕੱਢੇ ਗਏ ਰਾਜ ਪੱਧਰੀ ਰੋਸ ਮਾਰਚ ਅਤੇ ਧਰਨੇ ਨੂੰ ਪੂਰਨ ਰੂਪ ਵਿਚ ਕਾਮਯਾਬ ਐਲਾਨਿਆ ਗਿਆ ਅਤੇ ਨਾਲ ਹੀ ਸੰਘਰਸ਼ ਦੀ ਅਗਲੀ ਰਣਨੀਤੀ ਤੈਅ ਕੀਤੀ ਗਈ । ਜ਼ਿਕਰਯੋਗ ਹੈ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਸੂਬੇ ਭਰ ਦੇ ਸਰਕਾਰੀ ਡਾਕਟਰਾਂ ਜਿਸ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਵੈਟਰਨਰੀ, ਡੈਂਟਲ , ਰੂਰਲ ਮੈਡੀਕਲ ਅਫਸਰ, ਆਯੁਰਵੈਦਿਕ ਅਤੇ ਹੋਮਿਓਪੈਥਿਕ ਡਾਕਟਰ ਸ਼ਾਮਲ ਹਨ, ਵੱਲੋਂ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਐੱਨ ਪੀ ਏ ਕਟੌਤੀ ਅਤੇ ਸਿਹਤ ਅਤੇ ਵੈਟਰਨਰੀ ਸੇਵਾਵਾਂ ਦੇ ਨਿੱਜੀਕਰਨ ਦੀ ਸਰਕਾਰੀ ਨੀਤੀ ਦੇ ਵਿਰੋਧ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ ।
ਪ੍ਰੈੱਸ ਦੇ ਨਾਮ ਜਾਰੀ ਬਿਆਨ ਵਿੱਚ ਤਾਲਮੇਲ ਕਮੇਟੀ ਦੇ ਡਾ ਗਗਨਦੀਪ ਸਿੰਘ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ, ਡਾ ਸਰਬਜੀਤ ਸਿੰਘ ਰੰਧਾਵਾ ਪ੍ਰਧਾਨ, ਵੈਟਰਨਰੀ ਅਫ਼ਸਰ ਐਸੋਸੀਏਸ਼ਨ, ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ ਪੀ.ਸੀ.ਐਮ.ਐਸ.ਏ, ਡਾ ਪਵਨਪ੍ਰੀਤ ਕੌਰ ਪ੍ਰਧਾਨ, ਡੈਂਟਲ ਐਸੋਸੀਏਸ਼ਨ, ਡਾ ਸੰਜੀਵ ਪਾਠਕ ਪ੍ਰਧਾਨ, ਆਯੁਰਵੈਦਿਕ ਐਸੋਸੀਏਸ਼ਨ, ਡਾ ਦੀਪਇੰਦਰ ਸਿੰਘ ਪ੍ਰਧਾਨ ਆਰਐਮਓ ਐਸੋਸੀਏਸ਼ਨ ਡਾ ਬਲਵਿੰਦਰ ਸਿੰਘ ਪ੍ਰਧਾਨ, ਹੋਮਿਓਪੈਥਿਕ ਐਸੋਸੀਏਸ਼ਨ ਅਤੇ ਡਾ ਜਗਜੀਤ ਸਿੰਘ ਬਾਜਵਾ ਪ੍ਰਧਾਨ ਰੂਰਲ ਮੈਡੀਕਲ ਅਫ਼ਸਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਵੱਲੋਂ 23 ਜੁਲਾਈ ਨੂੰ ਧਰਨੇ ਵਾਲੀ ਥਾਂ ਤੇ ਪਹੁੰਚ ਕੇ ਡਾਕਟਰਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਸਾਰੇ ਡਾਕਟਰਾਂ ਦੇ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਡਾਕਟਰਾਂ ਦੀ ਐੱਨ ਪੀ ਏ ਸੰਬੰਧੀ ਮੰਗ ਇੱਕ ਹਫ਼ਤੇ ਦੇ ਅੰਦਰ-ਅੰਦਰ ਮੰਨ ਲਈ ਜਾਵੇਗੀ । ਇਸ ਲਈ ਤਾਲਮੇਲ ਕਮੇਟੀ ਵੱਲੋਂ ਧਰਨੇ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ।
ਡਾ ਇੰਦਰਵੀਰ ਸਿੰਘ ਗਿੱਲ ਕਨਵੀਨਰ, ਤਾਲਮੇਲ ਕਮੇਟੀ, ਡਾ ਮਨੋਹਰ ਸਿੰਘ ਜਨਰਲ ਸਕੱਤਰ ਪੀਸੀਐਮਐਸ ਐਸੋਸੀਏਸ਼ਨ ਅਤੇ ਡਾ ਦਰਸ਼ਨ ਖੇੜੀ ਜਨਰਲ ਸਕੱਤਰ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਨੇ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਦਾ ਅਗਲਾ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸੂਬੇ ਦੇ ਸਮੂਹ ਡਾਕਟਰਾਂ ਵੱਲੋਂ ਰੋਸ ਪ੍ਰਗਟ ਕਰਨ ਲਈ ਸਰਕਾਰੀ ਓ ਪੀ ਡੀਜ਼, ਵਿਭਾਗੀ ਟਰੇਨਿੰਗਾਂ /ਸਰਕਾਰੀ ਮੀਟਿੰਗਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ ਅਤੇ ਸਮਾਨੰਤਰ ਓਪੀਡੀਜ਼ ਲਗਾ ਕੇ ਮਰੀਜ਼ ਦੇਖੇ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਡਾਕਟਰਾਂ ਵੱਲੋਂ ਖੁਦ ਆਪਣੀ ਜੇਬ ਚੋਂ ਪੈਸੇ ਖਰਚ ਕੇ ਦਿੱਤੀਆਂ ਜਾਣਗੀਆਂ ਜਾਂ ਲੋੜ ਪੈਣ ਤੇ ਜਥੇਬੰਦੀ ਦੇ ਫੰਡ ਵਿੱਚੋਂ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕ ਹਿੱਤ ਨੂੰ ਦੇਖਦੇ ਹੋਏ ਐਮਰਜੈਂਸੀ/ਕੋਵਿੱਡ/ ਮੈਡੀਕੋ/ ਵੈਟਰੋ-ਲੀਗਲ ਅਤੇ ਪੋਸਟਮਾਰਟਮ ਸੰਬੰਧੀ ਸੇਵਾਵਾਂ ਆਮ ਵਾਂਗੂੰ ਜਾਰੀ ਰਹਿਣਗੀਆਂ । ਉਨ੍ਹਾਂ ਤਾਲਮੇਲ ਕਮੇਟੀ ਦੇ ਫ਼ੈਸਲੇ ਸਬੰਧੀ ਦੱਸਦਿਆਂ ਕਿਹਾ ਕਿ ਆਉਂਦੇ ਸ਼ੁੱਕਰਵਾਰ ਤੱਕ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ 2 ਅਗਸਤ ਤੋਂ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਜ਼ਿਲਾ ਦਫਤਰਾਂ ਦੀ ਤਾਲਾਬੰਦੀ ਕੀਤੀ ਜਾਵੇਗੀ ਇਸ ਤੋਂ ਬਾਅਦ 5 ਅਗਸਤ ਤੋਂ ਰਾਜ ਪੱਧਰੀ ਮੁੱਖ ਦਫਤਰਾਂ ਦੀ ਤਾਲਾਬੰਦੀ ਕੀਤੀ ਜਾਵੇਗੀ ।
ਡਾ ਗਗਨਦੀਪ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ, ਪੀ.ਸੀ.ਐਮ.ਐਸ. ਐਸੋਸੀਏਸ਼ਨ ਡਾ ਸਰਬਦੀਪ ਸਿੰਘ ਮੀਡੀਆ ਸਕੱਤਰ ਤਾਲਮੇਲ ਕਮੇਟੀ ਨੇ ਪ੍ਰੈੱਸ ਨੂੰ ਦੱਸਿਆ ਕਿ ਪੂਰੇ ਪੰਜਾਬ ਦੇ ਡਾਕਟਰਾਂ ਵਿਚ ਸਰਕਾਰ ਦੀ ਨਿੱਜੀਕਰਨ ਦੀ ਨੀਤੀ ਪ੍ਰਤੀ ਬਹੁਤ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਇਹ ਹੜਤਾਲ ਜਨਤਕ ਸਿਹਤ ਸੰਭਾਲ ਅਤੇ ਵੈਟਰਨਰੀ ਸੰਭਾਲ ਪ੍ਰਣਾਲੀ ਨੂੰ ਬਚਾਉਣ ਲਈ ਹੈ ਅਤੇ ਤਾਲਮੇਲ ਕਮੇਟੀ ਸਰਕਾਰ ਵੱਲੋਂ ਕੀਤੀ ਜਾ ਰਹੀ ਨਿਜੀਕਰਨ ਦੀ ਨੀਤੀ ਦਾ ਸਖਤ ਵਿਰੋਧ ਕਰਦੀ ਹੈ ਉਨ੍ਹਾਂ ਕਿਹਾ ਕਿ ਇਸੇ ਨੀਤੀ ਤਹਿਤ ਹੀ ਸਰਕਾਰ ਵੱਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿੱਚ ਡਾਕਟਰਾਂ ਨੂੰ ਪਹਿਲਾਂ ਤੋਂ ਮਿਲਦਾ 25 ਪ੍ਰਤੀਸ਼ਤ ਨਾਨ ਪਰੈਕਟਾਈਜਿੰਗ ਭੱਤਾ ਘਟਾ ਕੇ 20 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਬੇਸਿਕ ਪੇਅ ਤੋਂ ਵੀ ਅਲੱਗ ਕਰ ਦਿੱਤਾ ਗਿਆ ਹੈ, ਜਿਸਦੇ ਵਿਰੋਧ ਵਜੋਂ ਸੂਬੇ ਵਿੱਚ ਹਰ ਵਰਗ ਦੇ ਸਰਕਾਰੀ ਡਾਕਟਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਦਾ ਰਾਹ ਅਪਣਾਇਆ ਜਾ ਰਿਹਾ ਹੈ।