ਕੌਂਸਲ ਪ੍ਰਧਾਨ ਸੰਜੇ ਵਰਮਾ ਵੱਲੋਂ ਵਾਰਡ 6 ਤੋਂ ਕੀਤੀ ਸਫਾਈ ਦੀ ਸ਼ੁਰੂਆਤ ਕੀਤੀ
ਹਰੀਸ਼ ਕਾਲੜਾ
ਰੂਪਨਗਰ, 26 ਜੁਲਾਈ 2021:75ਵੇਂ ਸਵਤੰਤਰਤਾ ਦਿਵਸ ਦੀ ਯਾਦ ਵਿਚ ਨਗਰ ਕੌਂਸਲ ਰੂਪਨਗਰ ਵਲੋਂ ਸਪੈਸ਼ਲ ਕਲੀਨਲੀਨੈਸ ਡਰਾਇਵ (ਵਿਸ਼ੇਸ਼ ਸਫਾਈ ਮੁਹਿੰਮ) ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵੱਲੋਂ ਵਾਰਡ ਨੰਬਰ 6 ਤੋਂ ਕੀਤੀ ਗਈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਦੱਸਿਆ ਕਿ ਉਕਤ ਮੁਹਿੰਮ ਤਹਿਤ ਸ਼ਹਿਰ ਦੇ ਹਰ ਇਕ ਵਾਰਡ ਦੀ ਸੈਨੀਟੇਸ਼ਨ ਸਬੰਧੀ ਸਮੱਸਿਆਵਾਂ, ਜਿਵੇਂ ਸੜਕਾਂ,ਗਲੀਆਂ ਦੀ ਸਫਾਈ, ਘਾਹ, ਬੂਟੀ ਅਤੇ ਨਾਲੀਆਂ ਦੀ ਸਫਾਈ ਆਦਿ ਨੂੰ ਦੂਰ ਕਰਵਾਇਆ ਜਾਵੇਗਾ। ਇਸ ਮੌਕੇ ਵਾਰਡ ਨੰਬਰ 6 ਦੇ ਕੌਂਸਲਰ ਮੋਹਿਤ ਸ਼ਰਮਾ ਨੇ ਵਾਰਡ ਵਿਚ ਸਫਾਈ ਮੁਹਿੰਮ ਸ਼ੁਰੂ ਕਰਨ ਲਈ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦਾ ਧੰਨਵਾਦ ਕੀਤਾ। ਮੋਹਿਤ ਸ਼ਰਮਾ ਨੇ ਸੰਜੇ ਵਰਮਾ ਨੂੰ ਆਪਣੇ ਵਾਰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਵਿਸ਼ੇਸ਼ ਸਫਾਈ ਮੁਹਿੰਮ ਦੀ ਨਿਗਰਾਨੀ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਪੰਕਜ ਕੁਮਾਰ ਵਲੋਂ ਕੀਤੀ ਗਈ ਅਤੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕਰਵਾਇਆ ਗਿਆ। ਇਸ ਮੌਕੇ ਸੈਨੇਟਰੀ ਇੰਸਪੈਕਟਰ ਪੰਕਜ ਕੁਮਾਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ 75ਵੇਂ ਸਵਤੰਤਰਤਾ ਦਿਵਸ ਦੀ ਯਾਦ ਵਿਚ ਸ਼ੁਰੂ ਕੀਤੀ ਵਿਸ਼ੇਸ਼ ਸਫਾਈ ਮੁਹਿੰਮ ਤਹਿਤ ਉਨ੍ਹਾਂ ਦੀ ਸੈਨੀਟੇਸ਼ਨ ਸ਼ਾਖਾ ਵੱਲੋਂ ਸ਼ਹਿਰ ਵਿਚ ਵਾਰਡ ਪੱਧਰ ਤੇ ਸਫਾਈ ਕਰਵਾਈ ਜਾਵੇਗੀ ਅਤੇ ਹਰੇਕ ਵਾਰਡ ਵਿਚ ਸਫਾਈ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਉਹ ਨਿੱਜੀ ਧਿਆਨ ਦਿੰਦੇ ਹੋਏ ਮੌਕੇ ਤੇ ਦੂਰ ਕਰਵਾਉਣਾ ਯਕੀਨੀ ਬਣਾਉਣਗੇ। ਇਸ ਮੌਕੇ ਉਨ੍ਹਾਂ ਵੱਲੋਂ ਆਮ ਜਨਤਾ ਨੂੰ ਵੀ ਸ਼ਹਿਰ ਅੰਦਰ ਸਫਾਈ ਸਬੰਧੀ ਨਗਰ ਕੌਂਸਲ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ।