ਅਸ਼ੋਕ ਵਰਮਾ
ਬਠਿੰਡਾ, 26 ਜੁਲਾਈ 2021: ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਮਜਦੂਰਾਂ ਦੇ ਸਮੁੱਚੇ ਕਰਜੇ ਤੇ ਬਿਜਲੀ ਬਿੱਲ ਮੁਆਫ ਕਰਨ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਤੇ ਖੇਤੀ ਕਾਨੂੰਨ ਅਤੇ ਕਿਰਤ ਕਾਨੂੰਨਾਂ ‘ਚ ਸੋਧਾਂ ਦੀ ਵਾਪਸੀ ਆਦਿ ਮੰਗਾਂ ਨੂੰ ਲੈਕੇ ਖੇਤ ਮਜਦੂਰਾਂ ਵੱਲੋਂ ਅੱਜ 27 ਜੁਲਾਈ ਨੂੰ ਹਲਕਾ ਮਲੋਟ ਦੇ ਵਿਧਾਇਕ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਰਿਹਾਇਸ਼ ਮਲੋਟ ਸਮੇਤ ਵੱਖ-ਵੱਖ ਜਿਲਿ੍ਹਆਂ ਵਿੱਚ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਵੱਲ ਮਾਰਚ ਕਰਕੇ ਮੰਗ ਪੱਤਰ ਦਿੱਤੇ ਜਾਣਗੇ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬਲਾਕ ਦੇ ਪ੍ਰਧਾਨ ਕਾਲਾ ਸਿੰਘ ਸਿੰਘੇਵਾਲਾ ਨੇ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਕਾਂਗਰਸੀ ਵਿਧਾਇਕਾਂ ਦੇ ਘਰਾਂ ਵੱਲ ਮਾਰਚ ਕਰਨ ਦੇ ਪ੍ਰੋਗਰਾਮ ਸਬੰਧੀ ਮਜਦੂਰ ਮਰਦ ਔਰਤਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲ ਦੇ ਰਾਜ ਦੌਰਾਨ ਮਜਦੂਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਾ ਕਰਨ ਨੂੰ ਲੈਕੇ ਕੈਪਟਨ ਸਰਕਾਰ ਪ੍ਰਤੀ ਮਜਦੂਰ ਰੋਹ ਨਾਲ ਭਰੇ ਪੀਤੇ ਬੈਠੇ ਹਨ । ਉਹਨਾਂ ਦੱਸਿਆ ਕਿ ਕਾਂਗਰਸੀ ਵਿਧਾਇਕਾਂ ਦੇ ਘਰਾਂ ਵੱਲ ਰੋਸ ਮਾਰਚ ਕਰਕੇ ਮੰਗ ਪੱਤਰ ਦੇਣ ਦਾ ਪ੍ਰੋਗਰਾਮ 27,28 ਤੇ 29 ਜੁਲਾਈ ਤੱਕ ਜਾਰੀ ਰਹੇਗਾ ਅਤੇ 9ਤੋ 11 ਅਗਸਤ ਤੱਕ ਹਜਾਰਾਂ ਮਜਦੂਰ ਮਰਦ ਔਰਤਾਂ ਵੱਲੋਂ ਪਟਿਆਲਾ ਵਿਖੇ ਤਿੰਨ ਰੋਜਾ ਮੋਰਚਾ ਲਾਇਆ ਜਾਵੇਗਾ।