ਪੱਤਰਕਾਰਾਂ ਦੇ ਯਾਦ ਕਰਵਾਉਣ 'ਤੇ ਨਗਰ ਕੌਂਸਲ ਨੇ ਮਨਾਇਆ ਕਾਰਗਿਲ ਦਿਵਸ
ਸ਼ਾਮ ਨੂੰ ਪ੍ਰਧਾਨ ਸਮੇਤ ਹੋਰ ਅਫਸਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਦੀਪਕ ਜੈਨ
ਜਗਰਾਓਂ 26 ਜੁਲਾਈ 2021 : ਅੱਜ ਪੂਰੇ ਦੇਸ਼ ਵਿਚ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਰਗਿਲ ਦਿਵਸ ਮਨਾਇਆ ਗਿਆ। ਪਰ ਹੈਰਾਨ ਕਰਨ ਵਾਲੀ ਗੱਲ ਸੀ ਕਿ ਸ਼ਹਿਰ ਦੇ ਕਿਸੇ ਲੀਡਰ ਜਾਂ ਅਫਸਰ ਨੂੰ ਇਹ ਯਾਦ ਨਹੀਂ ਆਇਆ ਕਿ ਅੱਜ ਕਾਰਗਿਲ ਦਿਵਸ ਸੀ। ਸ਼ਾਮ ਵੇਲੇ ਪੱਤਰਕਾਰਾਂ ਵਲੋਂ ਯਾਦ ਕਰਵਾਉਣ 'ਤੇ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਅਤੇ ਈਓ ਸਮੇਤ ਹੋਰਨਾਂ ਅਧਿਕਾਰੀਆਂ ਨੇ ਸਥਾਨਕ ਤਹਿਸੀਲ ਚੌਂਕ ਵਿਚ ਲੈਫਟੀਨੈਂਟ ਗੋਲਡੀ ਦੀ ਫੋਟੋ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਹ ਬਹੁਤ ਹੀ ਦੁਖਦਾਈ ਹੈ ਕਿ ਸਾਡੇ ਵੱਡੇ ਵੱਡੇ ਲੀਡਰ ਅਤੇ ਅਫਸਰ ਸ਼ਹੀਦਾਂ ਨੂੰ ਭੁੱਲ ਗਏ ਅਤੇ ਯਾਦ ਕਰਵਾਉਣ 'ਤੇ ਸ਼ਾਮ 5 ਬਜੇ ਤਹਿਸੀਲ ਚੌਂਕ ਪੁੱਜਕੇ ਕਾਰਗਿਲ ਦਿਵਸ ਮਨਾਉਂਦਿਆਂ ਸ਼ਹੀਦ ਗੋਲਡੀ ਨੂੰ ਸ਼ਰਧਾਂਜਲੀ ਦਿੱਤੀ ਗਈ। ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਿਹਾ ਕਿ ਓਨਾ ਨੂੰ ਕਾਰਗਿਲ ਦਿਵਸ ਮਨਾਉਣ ਬਾਰੇ ਕਿਸੇ ਨੇ ਵੀ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਜੇਕਰ ਕਿਸੇ ਨੇ ਜਾਣਕਾਰੀ ਦਿੱਤੀ ਹੁੰਦੀ ਤਾਂ ਉਹ ਜਰੂਰ ਕਾਰਗਿਲ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕਰਦੇ।
ਈਓ ਪ੍ਰਦੀਪ ਦੌਧਰੀਆਂ ਨੇ ਕਿਹਾ ਕਿ ਓਨਾ ਨੂੰ ਸ਼ਹਿਰ ਵਿਚ ਜੁਆਇਨ ਕੀਤੇ ਅਜੇ ਕੁਝ ਸਮਾਂ ਹੀ ਹੋਇਆ ਹੈ ਅਤੇ ਓਨਾ ਨੂੰ ਇਹ ਨਹੀਂ ਪਤਾ ਸੀ ਕਿ ਸ਼ਹਿਰ ਦੇ ਤਹਿਸੀਲ ਚੌਂਕ ਵਿਚ ਲੈਫਟੀਨੈਂਟ ਗੋਲਡੀ ਨਾਮ ਦਾ ਚੌਂਕ ਹੈ। ਪਰ ਪਤਾ ਲੱਗਣ 'ਤੇ ਉਸ ਵੇਲੇ ਹੀ ਓਨਾ ਵਲੋਂ ਆਪਣੀ ਜਿੰਮੇਵਾਰੀ ਨਿਭਾ ਦਿੱਤੀ ਗਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ , ਕੌਂਸਲਰ ਅਮਨ ਕਪੂਰ , ਕੌਂਸਲਰ ਹਿਮਾਂਸ਼ੂ ਮਲਿਕ , ਸਫਾਈ ਸੇਵਕ ਯੂਨੀਅਨ ਦੇ ਜਿਲਾ ਪ੍ਰਧਾਨ ਅਰੁਣ ਗਿਲ, ਸੁਤੰਤਰ ਗਿਲ ਆਦਿ ਹਾਜਰ ਸਨ।