9 ਤੋਂ11ਅਗਸਤ ਦੇ ਪਟਿਆਲਾ ਮੋਰਚੇ ਚ ਖੇਤ ਮਜਦੂਰਾਂ ਵਲੋਂ ਪਰਿਵਾਰਾਂ ਸਮੇਤ ਸਾਮਲ ਹੋਣ ਦਾ ਐਲਾਨ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ, 26 ਜੁਲਾਈ 2021: ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਇਲਾਕਾ ਨਿੰ:ਸਿੰ:ਵਾਲਾ (ਮੋਗਾ ) ਦੀ ਮੀਟਿੰਗ ਪਿੰਡ ਮਾਛੀਕੇ ਵਿਖੇ ਹੋਈ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਪਿੰਡਾਂ ਚੋਂ ਆਗੂ ਤੇ ਵਰਕਰਾਂ ਸਮੇਤ ਬੀ ਕੇ ਯੂ (ਉੁਗਰਾਹਾਂ)ਦੇ ਸਹਿਯੋਗ ਨਾਲ ਵੀ ਖੇਤ ਮਜਦੂਰ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ,ਦਰਸ਼ਨ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਜ਼ਦੂਰਾਂ ਲਈ ਕੀਤਾ ਕਰਜਾ ਮਾਫੀ ਦਾ ਐਲਾਨ ਖੇਤ ਮਜਦੂਰਾਂ ਵਲੋਂ ਲੜੇ ਗਏ ਸੰਘਰਸ਼ ਦੀ ਅੰਸ਼ਕ ਜਿੱਤ ਹੈ,ਕਿਉਂਕਿ ਮਜ਼ਦੂਰ ਜਮੀਨ ਦੀ ਗਰੰਟੀ ਸਮੇਤ ਹੋਰ ਲਾਈਆਂ ਕਰੜੀਆਂ ਸ਼ਰਤਾਂ ਕਾਰਨ ਬੈਂਕਾਂ ਕੋਲੋ ਕਰਜੇ ਲੈਣ ਤੋਂ ਅਸਮਰੱਥ ਹਨ। ਉਨਾਂ ਨੂੰ ਮਜਬੂਰੀ ਵਸ ਮਹਿੰਗੀਆਂ ਵਿਆਜ ਦਰਾਂ 'ਤੇ ਜਗੀਰਦਾਰਾਂ ਤੇ ਮਾਇਕਰੋ ਫਾਈਨਾਂਸ ਕੰਪਨੀਆਂ ਤੋਂ ਕਰਜੇ ਲੈਣੇ ਪੈੰਦੇ ਹਨ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਵਿੱਚੋਂ ਬੇਜਮੀਨਿਆਂ ਲਈ ਕਰਜਾ ਲੈਣ ਦਾ ਕਾਨੂੰਨ ਹੋਣ ਦੇ ਬਾਵਜੂਦ ਮਜ਼ਦੂਰਾਂ ਨੂੰ ਕਰਜਾ ਨਹੀਂ ਦਿੱਤਾ ਜਾਂਦਾ। ਅਜਿਹੀਆਂ ਮਜ਼ਦੂਰ ਵਿਰੋਧੀ ਨੀਤੀਆਂ, ਰੁਜ਼ਗਾਰ ਦੀ ਤੋਟ ਅਤੇ ਅੰਤਾਂ ਦੀ ਮਹਿਗਾਈ ਕਾਰਨ ਖੇਤ ਮਜ਼ਦੂਰਾਂ ਸਿਰ ਪ੍ਤੀ ਪਰਿਵਾਰ ਲੱਖਾਂ ਰੁਪਏ ਦਾ ਕਰਜਾ ਚੜ ਚੁੱਕਾ ਹੈ । ਜੋਕਿ ਕੈਪਟਨ ਦਾ ਮਜ਼ਦੂਰਾਂ ਦੇ ਕਰਜੇ ਮਾਫੀ ਦਾ ਐਲਾਨ ਨਿਰਾ ਪਖੰਡ ਅਤੇ ਮਜ਼ਦੂਰਾਂ ਕੋਲੋ ਵੋਟਾਂ ਬਟੋਰਕੇ ਮੁੜ ਗੱਦੀਆਂ ਹਾਸਲ ਕਰਨ ਦੀ ਛਾਤਰਾਨਾ ਚਾਲ ਹੈ।ਮਜਦੂਰ ਆਗੂਆਂ ਨੇ ਮਜਦੂਰਾਂ ਨੂੰ ਸਿਆਸੀ ਪਾਰਟੀਆਂ ਤੋਂ ਸੁਚੇਤ ਕਰਦਿਆਂ ਕਿ ਕਾਂਗਰਸ ਵਲੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਧਾਨ ਬਨਾਉਣਾ ਅਤੇ ਤਾਜਪੋਸ਼ੀ ਰਾਹੀਂ ਸਿੰਗਾਂਰਨਾਂ,ਆਪਣੇ ਪਿਛਲੇ ਸਾਢੇ ਚਾਰ ਸਾਲਾਂ ਚ ਕਿਸੇ ਤਬਕੇ ਦਾ ਕੁਝ ਵੀ ਨਾ ਸੰਵਾਰ ਸਕਣਾ ਅਤੇ ਮਜਦੂਰਾਂ -ਕਿਸਾਨਾ ਨਾਲ ਕੀਤੇ ਚੋਣ ਵਾਅਦਿਆਂ ਨੂੰ ਉਨ੍ਹਾਂ ਦੇ ਮਨੋਂ ਵਿਸਾਰਨ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਮਜ਼ਦੂਰਾਂ ਨੂੰ ਜੋਰ ਦੇਕੇ ਕਿਹਾ ਕਿ ਉਨਾਂ ਨੂੰ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਸਮੇਤ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜੇ ਮਾਫ ਕਰਵਾਉਣ ਅਤੇ ਬਿਜਲੀ ਬਿੱਲਾਂ ਦੀ ਮਾਫੀ ਸਮੇਤ ਬਿਨਾ ਸਰਤ ਲਾਗੂ ਕਰਨ ਤੇ ਬਕਾਏ ਖਤਮ ਕਰਵਾਉਣ,ਜਨਤਕ ਵੰਡ ਪ੍ਰਣਾਲੀ ਰਾਹੀ ਸਸਤਾ ਅਨਾਜ ਲੈਣ ,ਮਨਰੇਗਾ ਦਿਹਾੜੀ 600 ਰੂਪੈ ਲੈਣ ਤੇ ਰੁਜ਼ਗਾਰ ਦਾ ਪੱਕਾ ਪ੍ਰਬੰਧ ਕਰਵਾਉਣ,ਲੋੜਵੰਦਾ ਲਈ ਪਲਾਟ ਲੈਣ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕਰਵਾਉਣ ਲਈ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਦੀ ਲੋੜ ਹੈ। ਜਿਲ੍ਹਾ ਪ੍ਰਧਾਨ ਨੇ ਮਜ਼ਦੂਰਾਂ ਨੂੰ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਅੱਜ ਜਦੋਂ ਕਾਂਗਰਸ ਸਰਕਾਰ ਦੇ ਮੰਤਰੀ ਮਜ਼ਦੂਰਾਂ ਕੋਲ ਵੋਟਾਂ ਮੰਗਣ ਲਈ ਗੇੇੜੇ ਮਾਰ ਰਹੇ ਹਨ ਤਾਂ ਉਨਾਂ ਨੂੰ ਮੰਗਾਂ ਸਬੰਧੀ ਤਿੱਖੇ ਸੁਆਲ ਕਰਨੇ ਚਾਹੀਦੇ ਹਨ।ਸਾਂਝੇ ਮਜਦੂਰ ਮੋਰਚੇ ਦੇ ਸੱਦੇ ਤਹਿਤ ਹਲਕਾ ਬਾਘਾ ਪੁਰਾਣਾ ਦੇ ਐਮ਼ ਐਲ ਏ ਦਰਸ਼ਨ ਸਿੰਘ ਬਰਾੜ ਨੂੰ 27 ਜੁਲਾਈ ਨੂੰ ਦਿੱਤੇ ਜਾਣ ਵਾਲੇ ਯਾਦ-ਪੱਤਰ ਸਮੇਂ ਖੇਤ ਮਜਦੂਰਾਂ ਨੂੰ ਵੱਡੀ ਗਿਣਤੀ ਸ਼ਾਮਲ ਹੋਣ ਬਾਰੇ ਵੀ ਸੱਦਾ ਦਿੱਤਾ ਗਿਆ।ਉਨ੍ਹਾਂ ਮੋਦੀ ਹਕੂਮਤ ਦੀ ਤਿੱਖੇ ਸਬਦਾਂ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਉਹ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਕਮਾਉਣ ਅਤੇ ਖੇਤ ਮਜ਼ਦੂਰਾਂ ਦਾ ਰੁਜ਼ਗਾਰ ਉਜਾੜਾ ਕਰਨ ਅਤੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਧੱਕੇ ਨਾਲ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ । ਸਰਕਾਰ ਦੀ ਇਸ ਚਾਲ ਨੂੰ ਏਕੇ ਤੇ ਸੰਘਰਸ਼ ਦੇ ਜੋਰ ਹੀ ਡੱਕਿਆ ਜਾ ਸਕਦਾ ਹੈ। ਮੀਟਿੰਗ ਵਿੱਚ ਹਾਜਰ ਇਲਾਕੇ ਦੇ ਮਜ਼ਦੂਰਾਂ ਨੇ 9 ਅਗਸਤ ਤੋਂ11ਅਗਸਤ ਦੇ ਤਿੰਨ ਦਿਨਾਂ ਪਟਿਆਲਾ ਦੇ ਧਰਨੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਫੈਸਲਾ ਕੀਤਾ।ਪਿੰਡਾਂ ਅੰਦਰ ਜੋਰਦਾਰ ਮੁਹਿੰਮ ਚਲਾਕੇ ਫੰਡ ਅਤੇ ਹਰ ਤਰ੍ਹਾਂ ਦਾ ਰਾਸਨ ਇਕੱਠਾ ਕਰਨ,ਵੱਡੀਆਂ ਟੀਮਾਂ ਰਾਹੀਂ ਹਰ ਮਜਦੂਰ ਘਰ ਤੱਕ ਪਹੁੰਚ ਕਰਨ ਦੀ ਅਪੀਲ ਵੀ ਕੀਤੀ ਗਈ।ਜਿਸਨੂੰ ਪਹੁੰਚੇ ਮਜਦੂਰ ਭੈਣਾਂ-ਭਰਾਵਾਂ ਵਲੋਂ ਹੱਥ ਖੜੇ ਕਰਕੇ ਪਰਵਾਨਗੀ ਦਿੱਤੀ ਅਤੇ ਹੋਣ ਵਾਲੇ ਪਰੋਗਰਾਮਾ ਨੂੰ ਸਫ਼ਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਬੀਕੇਯੂ ਏਕਤਾ ਉਗਰਾਹਾਂ ਤੋਂ ਕੁਲਦੀਪ ਕੌਰ ਕੁੱਸਾ, ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾਂ ਅਤੇ ਡੀਟੀਐਫ ਦੇ ਅਮਨਦੀਪ ਸਿੰਘ ਮਾਛੀਕੇ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜਗਰਾਜ ਸਿੰਘ ਕੁੱਸਾ,ਦਰਸ਼ਨ ਸਿੰਘ ਤੇ ਗੁਰਮੇਲ ਸਿੰਘ ਭਾਗੀਕੇ, ਪ੍ਕਾਸ ਸਿੰਘ, ਦਰਸ਼ਨ ਸਿੰਘ ਤੇ ਬਲਵਿੰਦਰ ਸਿੰਘ ਖਾਈ, ਬਿੰਦਰ ਕੌਰ, ਛਿੰਦਰ ਕੌਰ, ਸਵਰਨਜੀਤ ਕੌਰ ਆਦਿ ਆਗੂ ਵੀ ਹਾਜ਼ਰ ਸਨ।