ਸਸਪੈਂਡ ਹੋਣ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਦੇ ਕੈਂਪ 'ਤੇ ਹਮਲਾ, ਕਈ ਜ਼ਖਮੀ....
ਰਵੀ ਜੱਖੂ
ਚੰਡੀਗੜ੍ਹ, 27 ਜੁਲਾਈ 2021 - ਟਿਕਰੀ ਬਾਰਡਰ ‘ਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਟਰਾਲੀ ਦੀ ਭੰਨ ਤੋੜ ਕੀਤੀ ਗਈ ਅਤੇ ਟਰਾਲੀ ‘ਚ ਪਏ ਕਿਸਾਨਾਂ ਉਪਰ ਹਮਲਾ ਕੀਤਾ ਗਿਆ ਜਿਸ ਵਿਚ ਦੋ ਕਿਸਾਨਾਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ। ਜਥੇਬੰਦੀ ਅਨੁਸਾਰ ਹਮਲਾਵਰ ਕੁੱਟਮਾਰ ਤੋਂ ਬਾਅਦ ਫ਼ਰਾਰ ਹੋ ਗਏ ਹਨ।
ਇਸ ਸੰਬੰਧੀ ਪ੍ਰੈਸ ਸਕੱਤਰ ਬਲਕਰਨ ਸਿੰਘ ਬੱਲੀ ਵੱਲੋਂ ਬਾਬੂਸ਼ਾਹੀ ਨੂੰ ਜਾਣਕਾਰੀ ਅਨੁਸਾਰ ਇਹ ਹਮਲਾ ਰੁਲਦੂ ਸਿੰਘ ਮਾਨਸਾ ‘ਤੇ ਅਟੈਕ ਕੀਤਾ ਗਿਆ ਜਾਪਦਾ ਹੈ, ਪਰ ਉਹ ਉਸ ਵੇਲੇ ਉਥੇ ਨਹੀਂ ਸਨ ਅਤੇ ਉਹ ਪਿੰਡ ਆਏ ਹੋਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਹਮਲੇ ਵਿਚ ਮਾਨਸਾ ਨੇੜਲੇ ਪਿੰਡ ਤਾਮਕੋਟ ਦੇ ਗੁਰਵਿੰਦਰ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ, ਜੋ ਇਸ ਵੇਲੇ ਰੋਹਤਕ ਦੇ ਹਸਪਤਾਲ ਵਿਖੇ ਦਾਖਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਹੋਰ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
https://www.facebook.com/BabushahiDotCom/videos/831477554148926
ਉਹਨਾਂ ਅੱਗੇ ਦੱਸਿਆ ਕੇ ਰੁਲਦੂ ਸਿੰਘ ਮਾਨਸਾ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਹਨ ਅਤੇ ਹੁਣ ਦੇਸ਼ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਦੀ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੇ ਹਨ। ਕਿਸਾਨ ਅੰਦੋਲਨ ਵਿਰੋਧੀ ਤਾਕਤਾਂ ਵੱਲੋਂ ਇਕ ਵੀਡੀਓ ਨੂੰ ਆਧਾਰ ਬਣਾ ਕੇ ਕਿ ਆਗੂ ਰੁਲਦੂ ਸਿੰਘ ਮਾਨਸਾ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਬੋਲੇ ਹਨ ਅਤੇ ਕਿਸਾਨ ਆਗੂ ਨੂੰ ਝੂਠਾ ਬਦਨਾਮ ਕਰਕੇ ਕਿਸਾਨ ਘੋਲ ਨੂੰ ਬਦਨਾਮ ਕਰਨ ਦੀ ਕੋਸ਼ਿਸ ਕੀਤੀ ਗਈ ਜਦ ਕਿ ਉਸ ਵੀਡੀਓ ਸਮੇਤ ਰੁਲਦੂ ਸਿੰਘ ਦੀ ਕਿਸੇ ਵੀ ਵੀਡੀਓ ਵਿਚ ਸੰਤਾਂ ਸੰਬੰਧੀ ਕੋਈ ਅਪਸ਼ਬਦ ਨਹੀਂ ਬੋਲੇ ਗਏ, ਜਦ ਕਿ ਉਸ ਵੀਡੀਓ ਵਿਚ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਘੋਲ ਨੂੰ ਫੇਲ੍ਹ ਕਰਨ ਲਈ ਨੌਜਵਾਨਾਂ ਨੂੰ ਉਕਸਾਉਣ ਵਾਲੇ ਬਾਹਰ ਬੈਠੇ ਗੁਰਪਤਵੰਤ ਪੰਨੂੰ ਬਾਰੇ ਬੋਲਿਆ ਗਿਆ ਹੈ। ਉਹਨਾਂ ਕਿਹਾ ਕਿ ਜੋ ਲੋਕ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਸਿੱਖ ਵਿਰੋਧੀ ਪੇਸ਼ ਕਰਨ ਤੇ ਲੱਗੇ ਹੋਏ ਹਨ ਉਹਨਾਂ ਨੂੰ ਪਹਿਲਾਂ ਕਿਸਾਨ ਆਗੂ ਬਾਰੇ ਪੂਰੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ।
ਪ੍ਰੈਸ ਸਕੱਤਰ ਬਲਕਰਨ ਸਿੰਘ ਬੱਲੀ ਨੇ ਅੱਗੇ ਦੱਸਿਆ ਕੇ ਇਸ ਮਾਮਲੇ ਸੰਬੰਧੀ ਟਿਕਰੀ ਬਾਰਡਰ 'ਤੇ ਮੀਟਿੰਗ ਚੱਲ ਰਹੀ ਹੈ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਕੇ ਇਸ ਮਾਮਲੇ 'ਚ ਕੀ ਕੀਤਾ ਜਾਏ।