ਪਤੀ-ਪਤਨੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੀ ਮੌਤ
ਦੀਪਕ ਜੈਨ
- ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ 'ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼
ਜਗਰਾਓਂ, 27 ਜੁਲਾਈ 2021 - ਜਗਰਾਓਂ ਦੇ ਮੁਹੱਲਾ ਮਲਹੋਤਰਾ ਵਿਖੇ ਇਕ ਘਰ ਵਿਚ ਪਤੀ ਪਤਨੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਪਤਨੀ ਦੀ ਮੌਤ ਹੋ ਗਈ ਪਰ ਪਤੀ ਦੀ ਜਾਨ ਬਚ ਗਈ। ਮ੍ਰਿਤਕਾ ਦੀ ਪਹਿਚਾਣ ਸ਼ਿਵਾਨੀ ਵਰਮਾ ਪਤਨੀ ਕੈਮੀ ਵਰਮਾ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ ਇਸ ਜੋੜੇ ਦਾ ਵਿਆਹ ਅੱਜ ਤੋਂ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ ਅਤੇ ਇੰਨਾ ਦਾ ਇਕ ਛੋਟਾ ਬੇਟਾ ਵੀ ਹੈ।
ਸ਼ਿਵਾਨੀ ਦੀ ਦੇਹ ਨੂੰ ਸਿਵਲ ਹਸਪਤਾਲ ਜਗਰਾਓਂ ਰੱਖਿਆ ਗਿਆ ਹੈ ਅਤੇ ਕੈਮੀ ਵਰਮਾ ਦੀ ਹਾਲਤ ਗੰਭੀਰ ਵੇਖਦਿਆਂ ਉਸਨੂੰ ਲੁਧਿਆਣਾ ਰੈਫਰ ਕੀਤਾ ਗਿਆ। ਇਸ ਮੌਕੇ ਸਹੁਰੇ ਪਰਿਵਾਰ 'ਤੇ ਇਲਜਾਮ ਲਾਉਂਦਿਆਂ ਮ੍ਰਿਤਕਾ ਸ਼ਿਵਾਨੀ ਦੇ ਲੁਧਿਆਣਾ ਦੇ ਟਿੱਬਾ ਰੋਡ ਵਸਨੀਕ ਮਾਪਿਆਂ ਨੇ ਆਰੋਪ ਲਗਾਇਆ ਕਿ ਉਹਨਾਂ ਦੀ ਕੁੜੀ ਨੂੰ ਸਹੁਰੇ ਘਰ ਵਿਚ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਓਨਾ ਦੀ ਅੱਜ ਦੁਨੀਆਂ ਛੱਡ ਗਈ ਹੈ। ਉਹਨਾਂ ਦਸਿਆ ਕਿ ਸ਼ਿਵਾਨੀ ਆਈਲੈਟਸ ਕੋਰਸ ਕਰ ਰਹੀ ਸੀ ਜਿਸ ਕਾਰਨ ਉਸ ਦੀਆਂ ਰੋਜਾਨਾ ਹੀ ਕਲਾਸਾਂ ਲੱਗਦੀਆਂ ਸਨ ਅਤੇ ਉਸਨੇ ਆਪਣਾ ਬੇਟਾ ਆਪਣੇ ਪੇਕੇ ਪਰਿਵਾਰ ਕੋਲ ਛਡਿਆ ਹੋਇਆ ਸੀ ਅਤੇ ਕਲ ਹੀ ਉਹ ਆਪਣੇ ਬੇਟੇ ਨੂੰ ਵਾਪਸ ਜਗਰਾਓਂ ਲਿਆਈ ਸੀ।
ਮ੍ਰਿਤਕਾ ਦੇ ਸਹੁਰੇ ਰਾਜੂ ਵਰਮਾ ਨੇ ਦਸਿਆ ਕਿ ਉਹਨਾਂ ਵਲੋਂ ਆਪਣੀ ਨੂੰਹ ਨੂੰ ਬਿਲਕੁਲ ਵੀ ਪਰੇਸ਼ਾਨ ਨਹੀਂ ਕੀਤਾ ਜਾਂਦਾ ਸੀ ਅਤੇ ਕੋਈ ਵੀ ਲੜਾਈ ਝਗੜਾ ਨਹੀਂ ਸੀ। ਉਹਨਾਂ ਕਿਹਾ ਕਿ ਜੇਕਰ ਕੋਈ ਲੜਾਈ ਝਗੜਾ ਹੁੰਦਾ ਤਾਂ ਉਹ ਵਾਪਸ ਆਪਣੇ ਸਹੁਰੇ ਘਰ ਕਿਓਂ ਆਈ ਸੀ। ਰਾਜੂ ਵਰਮਾ ਨੇ ਦਸਿਆ ਕਿ ਸ਼ਿਵਾਨੀ ਦੇ ਪੇਕੇ ਉਹਨਾਂ ਉਪਰ ਝੂਠੇ ਇਲਜਾਮ ਲਾ ਰਹੇ ਹਨ। ਸਾਰੀ ਗੱਲ ਦਸਦਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਨੂੰਹ ਆਇਲੇਟ੍ਸ ਕੋਰਸ ਕਰ ਰਹੀ ਸੀ ਅਤੇ ਅੱਜ ਵੀ ਉਸਨੇ ਕਲਾਸ ਲਗਾਉਣ ਜਾਣਾ ਸੀ ਅਤੇ ਸਵੇਰੇ ਉਹ ਵਧੀਆ ਗਲਬਾਤ ਕਰ ਰਹੀ ਸੀ। ਉਹਨਾਂ ਦਸਿਆ ਕਿ ਅਜੀਤਵਾਲ ਵਿਚ ਸਥਿਤ ਹੈ ਅਤੇ ਓਥੇ ਹੀ ਕੈਮੀ ਦਾ ਫੋਨ ਆਇਆ ਕਿ ਸ਼ਿਵਾਨੀ ਨੇ ਇਹ ਕਦਮ ਚੁੱਕ ਲਿਆ ਹੈ ਅਤੇ ਕੈਮੀ ਨੇ ਵੀ ਆਪਣੀ ਨਸ ਵੱਡ ਲਈ। ਇਸ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਕਮਲਦੀਪ ਕੌਰ ਨੇ ਕਿਹਾ ਕਿ ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਕਰਨ ਤੋਂ ਬਾਅਦ ਹੀ ਪੁਲਿਸ ਕੁਝ ਵੀ ਦਸ ਸਕਦੀ ਹੈ।