ਅਕਾਲੀ ਆਗੂ ਨੇ ਪ੍ਰੈਸ ਕਾਨਫਰੰਸ ਕਰਕੇ ਸੱਤਾਧਾਰੀ ਪਾਰਟੀ 'ਤੇ ਲਾਏ ਦੋਸ਼
ਬਲਵਿੰਦਰ ਸਿੰਘ ਧਾਲੀਵਾਲ
- 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਆਏ 400 ਕਰੋੜ ਕਿੱਥੇ ਗਏ ਇਸ ਬਾਰੇ ਵੀ ਜਲਦੀ ਹੀ ਕਰਾਂਗਾ ਅਹਿਮ ਖੁਲਾਸੇ - ਹਰਪ੍ਰੀਤ ਬਬਲਾ
- ਸ਼੍ਰੋਮਣੀ ਅਕਾਲੀ ਦਲ ਵਿੱਚ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸਾਫ ਸੁਥਰੇ ਅਕਸ ਵਾਲਾ ਇੱਕ ਬੱਬਰ ਸ਼ੇਰ ਆਗੂ ਜਲਦੀ ਹੀ ਸ਼ਾਮਲ ਹੋ ਰਿਹਾ ਹੈ: ਹਰਪ੍ਰੀਤ ਬਬਲਾ
ਸੁਲਤਾਨਪੁਰ ਲੋਧੀ, 27 ਜੁਲਾਈ 2021ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਪ੍ਰੀਤ ਸਿੰਘ ਬਬਲਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਦਿੱਤੇ ਬਿਆਨ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਲੋਕਾਂ ਤੇ ਜਿੰਨੇ ਝੂਠੇ ਪਰਚੇ ਦਰਜ ਕੀਤੇ ਗਏ ਹਨ, ਇੰਨੇ ਪਹਿਲਾਂ ਕਦੇ ਨਹੀਂ ਹੋੲੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੁਲਿਸ ਦੀਆਂ ਗਲਤ ਨੀਤੀਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਵਿਅਕਤੀਆਂ ਖਿਲਾਫ ਝੂਠਾ ਕੇਸ ਬਣਾ ਕੇ ਵਿਰੋਧੀਆਂ ਨੂੰ ਡਰਾਉਣ ਲਈ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ।
ਉਨ੍ਹਾਂ ਸੁਲਤਾਨਪੁਰ ਲੋਧੀ ਵਿਚ ਲੋਕਤੰਤਰ ਦੇ ਹੋ ਰਹੇ ਘਾਣ ਤੇ ਦੋਸ਼ ਲਗਾਉਂਦਿਆਂ ਕਥਿਤ ਤੌਰ ਤੇ ਕਿਹਾ ਕਈ ਵਿਅਕਤੀਆਂ ਖ਼ਿਲਾਫ਼ ਬਲਾਤਕਾਰ ਵਰਗੇ ਝੂਠੇ ਕੇਸ ਬਣਾਏ ਗਏ ਹਨ ਅਤੇ ਕਈਆਂ ਖ਼ਿਲਾਫ਼ ਪੁਲਿਸ ਵੱਲੋਂ ਝੂਠੀਆਂ ਸ਼ਿਕਾਇਤਾਂ ਦਰਜ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਕਥਿਤ ਤੌਰ ਤੇ ਦੋਸ਼ ਲਾਇਆ ਕਿ ਪੁਲਿਸ ਨੇ ਕਿਸੇ ਗਰੀਬ ਵਿਅਕਤੀ ਨਾਲ ਇਨਸਾਫ਼ ਤਾਂ ਕੀ ਕਰਨਾ ਬਲਕਿ ਇਨਸਾਫ਼ ਦੀ ਮੰਗ ਕਰਨ ਵਾਲੀ ਹਰ ਆਵਾਜ਼ ਨੂੰ ਹਲਕਾ ਵਿਧਾਇਕ ਦੇ ਇਸ਼ਾਰੇ'ਤੇ ਥਾਣੇ ਲਿਜਾ ਕੇ ਅਤੇ ਡਰਾ ਧਮਕਾ ਕੇ ਉਸਦੀ ਆਵਾਜ਼ ਬੰਦ ਕਰ ਦਿੱਤੀ ਗਈ। ਹਰਪ੍ਰੀਤ ਬਬਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਲਤਾਨਪੁਰ ਲੋਧੀ ਤੋਂ ਕਮਜ਼ੋਰ ਨਹੀਂ ਹੋਇਆ ਹੈ, ਬਲਕਿ ਅਕਾਲੀ ਦਲ ਵੱਲੋਂ ਬਣਾਏ ਵਿਧਾਨ ਸਭਾ ਹਲਕਾ ਇੰਚਾਰਜ ਦੀਆਂ ਗਲਤ ਨੀਤੀਆਂ ਕਾਰਨ ਕਾਂਗਰਸ ਮਜ਼ਬੂਤ ਹੋਈ ਹੈ। ਉਸਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਉੱਤੇ ਇਹ ਵੀ ਦੋਸ਼ ਲਾਇਆ ਕਿ ਉਸਨੇ ਕਦੇ ਵੀ ਆਪਣੀ ਪਾਰਟੀ ਵਰਕਰ ਦੀ ਨਹੀਂ ਸੁਣੀ ਅਤੇ ਕਾਂਗਰਸ ਦੇ ਸ਼ਾਸਨ ਅਧੀਨ ਅਕਾਲੀ ਵਰਕਰਾਂ ‘ਤੇ ਪੁਲਿਸ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਬਾਵਜੂਦ ਚੁੱਪ ਰਿਹਾ, ਜਿਸ ਕਾਰਨ ਵਿਰੋਧੀ ਧਿਰ ਮਜ਼ਬੂਤ ਹੋ ਗਈ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਰਕਾਰ ਵੱਲੋਂ 400 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ ਇੱਕ ਸਮਾਜ ਸੇਵਕ ਵੱਲੋਂ ਪਾਈ ਗਈ ਆਰ ਟੀ ਆਈ ਵਿੱਚ ਸੂਬਾ ਸਰਕਾਰ ਨੇ ਦੱਸਿਆ ਸੀ ਕਿ ਸਿਰਫ 99 ਲੱਖ ਰੁਪਏ ਦੇ ਬਿੱਲ ਲਾਏ ਗਏ ਹਨ। ਉਸ ਨੇ ਕਿਹਾ ਕਿ ਮੈਂ ਖ਼ੁਦ ਆਰ.ਟੀ.ਆਈ. ਨੂੰ ਮੰਗ ਪੱਤਰ ਭੇਜ ਕੇ, ਵੱਖ-ਵੱਖ ਕੰਮਾਂ 'ਤੇ ਹੋਣ ਵਾਲੇ ਖਰਚਿਆਂ ਬਾਰੇ ਜਾਣਕਾਰੀ ਮੰਗੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਸਬੰਧੀ ਜਾਣਕਾਰੀ ਜਲਦੀ ਹੀ ਸਰਕਾਰੀ ਵਿਭਾਗਾਂ ਵੱਲੋਂ ਨਹੀਂ ਦਿੱਤੀ ਗਈ ਤਾਂ ਮੈਂ ਅਦਾਲਤ ਰਾਹੀਂ ਜਾਣਕਾਰੀ ਪ੍ਰਾਪਤ ਕਰਾਂਗਾ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਪੁਰਬ ਮਨਾਉਣ ਮੌਕੇ ਹੋਏ ਵੱਡੇ ਘੁਟਾਲਿਆਂ ਨੂੰ ਜੱਗ ਜ਼ਾਹਰ ਕਰਾਂਗਾ।
ਬਬਲਾ ਨੇ ਦਾਅਵਾ ਕੀਤਾ ਕਿ ਮੈਂ ਜਲਦੀ ਹੀ ਦੱਸ ਦਿਆਂਗਾ ਕਿ ਗੁਰੂ ਸਾਹਿਬ ਜੀ ਦੀ 550 ਵੀਂ ਜਯੰਤੀ ਮੌਕੇ ਸਰਕਾਰ ਵੱਲੋਂ ਆਏ 400 ਕਰੋੜ ਰੁਪਏ ਕਿੱਥੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਹਰਪ੍ਰੀਤ ਸਿੰਘ ਬਬਲਾ ਨੇ ਕਿਹਾ ਕਿ ਮੈਂ ਪਹਿਲਾਂ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਵਿਚ ਰਿਹਾ ਸੀ, ਪਰ ਮੌਜੂਦਾ ਵਿਧਾਇਕ ਦੀਆਂ ਨੀਤੀਆਂ ਤੋਂ ਤੰਗ ਆ ਕੇ ਮੈਂ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ।ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਮੈਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਿੱਖ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ, ਇਸੇ ਲਈ ਮੈਂ ਬਿਨਾਂ ਕਿਸੇ ਡਰ ਦੇ ਸੱਚ ਬਿਆਨ ਕਰ ਰਿਹਾ ਹਾਂ।
ਹਰਪ੍ਰੀਤ ਸਿੰਘ ਬਬਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ, ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਇੱਕ ਸਾਫ ਸੁਥਰੇ ਅਕਸ ਵਾਲਾ ਇੱਕ ਬੱਬਰ ਸ਼ੇਰ ਆਗੂ ਜਲਦ ਆ ਰਿਹਾ ਹੈ, ਜੋ ਕਿ ਵਿਰੋਧੀ ਧਿਰ ਦੇ ਛੱਕੇ ਛੁਡਾ ਦੇਵੇਗਾ । ਇੱਥੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ , ਉਹ ਵਿਰੋਧੀਆਂ ਨੂੰ ਹਰ ਤਰ੍ਹਾਂ ਨਾਲ ਬਰਾਬਰ ਦਾ ਮੁਕਾਬਲਾ ਦੇਵੇਗਾ। ਸ੍ਰੀ ਬਬਲਾ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਵੱਲੋਂ ਇਲਾਕੇ ਨਾਲ ਸਬੰਧਤ ਇਕ ਸੀਨੀਅਰ ਨੇਤਾ ਨਾਲ ਗੱਲਬਾਤ ਕੀਤੀ ਗਈ ਹੈ, ਜਿਸਦਾ ਐਲਾਨ ਅਗਲੇ ਦੋ ਮਹੀਨਿਆਂ ਵਿੱਚ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜਿਵੇਂ ਹੀ ਉਸ ਵੱਡੇ ਆਗੂ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ, ਵਿਰੋਧੀਆਂ ਦੀ ਸਾਰੀ ਅੱਗ ਬਾਹਰ ਆ ਜਾਏਗੀ.