ਸਾਂਝਾ ਅਧਿਆਪਕ ਮੋਰਚਾ ਵੱਲੋਂ 29 ਜੁਲਾਈ ਦੀ ਹੱਲਾ ਬੋਲ ਰੈਲੀ 'ਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ
ਚੰਡੀਗੜ੍ਹ, 27 ਜੁਲਾਈ 2021 - ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸਲਾਣਾ, ਕੋ-ਕਨਵੀਨਰ ਹਰਵੀਰ ਸਿੰਘ ਸਾਨੀਪੁਰ ਅਤੇ ਜਿਲਾ ਕਨਵੀਨਰ ਪ੍ਰਿੰ. ਲਖਵਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੰਲੋਂ 29 ਜੁਲਾਈ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਹੱਲਾ ਬੋਲ ਰੈਲੀ ਵਿੱਚ ਅਧਿਆਪਕਾਂ ਦੀ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਇਹ ਰੈਲੀ ਮੁੱਖ ਤੌਰ ਤੇ ਮੁਲਾਜ਼ਮ-ਪੈਨਸ਼ਨਰ ਮਾਰੂ ਛੇਵੇਂ ਪੇਅ ਕਮਿਸ਼ਨ ਖਿਲਾਫ਼, ਹਰ ਤਰਾਂ ਦੇ ਕੱਚੇ ਮੁਲਜਮਾਂ ਨੂੰ ਰੈਗੂਲਰ ਕਰਨ ਲਈ, ਰੋਕਿਆ ਡੀ.ਏ. ਅਤੇ ਬਕਾਇਆ ਜਾਰੀ ਕਰਵਾਉਣ, ਮਾਣ ਭੱਤਾ£ ਇਨਸੈਨਟਿਵ ਮੁਲਾਜਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਲਈ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਅਤੇ ਹੋਰ ਮੁਲਾਜ਼ਮ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਲੰਬੇ ਸਮੇਂ ਤੋਂ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਅਤੇ ਤਨਖਾਹ ਕਮਿਸ਼ਨ ਉਡੀਕਦੇ ਮੁਲਾਜ਼ਮਾਂ ਦੇ ਰਹਿੰਦੇ ਮਹਿੰਗਾਈ ਭੱਤੇ ਨੂੰ ਦੱਬਦਿਆਂ ਸਰਕਾਰ ਨੇ ਜੋ ਲੰਗੜਾ ਛੇਵਾਂ ਪੰਜਾਬ ਤਨਖਾਹ ਕਮਿਸ਼ਨ ਦਿੱਤਾ ਹੈ, ਉਹ ਮੁਲਾਜ਼ਮਾਂ ਦੀਆਂ ਆਸਾਂ ਤੇ ਪਾਣੀ ਫੇਰਨ ਵਾਲਾ ਹੈ।
ਇਸ ਦੇ ਨਾਲ ਹੀ ਕੱਚੇ ਅਧਿਆਪਕਾਂ ਨਾਨ ਟੀਚਿੰਗ-ਰੈਗੂਲਰ ਕੰਪਿਊਟਰ ਫੈਕਲਟੀ ਦੀ ਬਿਨਾਂ ਸ਼ਰਤ ਵਿਭਾਗ ਵਿੱਚ ਰੈਗੂਲਰ ਮਰਜਿੰਗ ਨਾ ਕਰਨ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਪੁਲਸ ਕੇਸ ਰੱਦ ਨਾ ਕਰਨ । ਓਪਨ ਡਿਸਟੈਂਸ ਲਰਨਿੰਗ ਅਧਿਆਪਕਾਂ ਦੇ ਰੈਗੂਲਰ ਪੱਤਰ ਨਾ ਜਾਰੀ ਕਰਨ, ਰਹਿੰਦੀਆਂ ਪ੍ਰਮੋਸ਼ਨਾਂ ਮੁਕੰਮਲ ਨਾ ਕਰਨ ਅਤੇ ਸਕੂਲਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਨਾ ਕਰਨ ਅਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਖਿਲਾਫ਼ ਮੁਲਾਜ਼ਮ ਵਰਗ ਵਿੱਚ ਸਖ਼ਤ ਰੋਸ ਹੈ।
ਆਗੂਆਂ ਨੇ ਮੰਗ ਕੀਤੀ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਸਾਲ 2011 ਦੇ ਲਾਭ ਬਹਾਲ ਰੱਖਦਿਆਂ 2.25 ਜਾਂ 2.59 ਦੀ ਮਾਰੂ ਆਪਸ਼ਨ ਦੀ ਥਾਂ ਇੱਕਸਮਾਨ ਉੱਚਤਮ ਗੁਣਾਂਕ 3.74 ਦੇਣ, 2400 ਰੁਪੈ ਸਲਾਨਾ ਜ਼ਬਰੀ ਜਜੀਆ ਟੈਕਸ ਬੰਦ ਕਰਨ, ਪਰਖ ਸਮਾਂ ਐਕਟ ਰੱਦ ਕਰਕੇ ਇਸ ਸਮੇਂ ਵਿੱਚ ਸਲਾਨਾ ਵਾਧੇ ਸਮੇਤ ਪੂਰੀ ਤਨਖਾਹ ਦੇਣ, ਮੋਬਾਇਲ ਭੱਤਾ ਅਤੇ ਮੈਡੀਕਲ ਭੱਤਾ ਦੁੱਗਣਾ ਕਰਨ, ਪੇਂਡੂ ਭੱਤਾ ਅਤੇ ਮਕਾਨ ਕਿਰਾਇਆ ਭੱਤਾ ਦੀਆਂ ਦਰਾਂ ਪਹਿਲਾਂ ਵਾਲੀਆਂ ਰੱਖਣ, 20 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦੀਆਂ ਮੰਗਾਂ ਪੂਰੀਆਂ ਨਾ ਕਰਨ ਖਿਲਾਫ 29 ਜੁਲਾਈ ਨੂੰ ਪੂਰੇ ਸੂਬੇ ਭਰ ਦੇ ਮੁਲਾਜ਼ਮ ਪਟਿਆਲਾ ਵਿਖੇ ਪੰਜਾਬ ਸਰਕਾਰ ਖ਼ਿਲਾਫ ਮੁੱਖ ਮੰਤਰੀ ਦੇ ਚੋਣ ਹਲਕੇ ਵਿੱਚ ਮਹਾਂ ਰੈਲੀ ਕਰਨਗੇ। ਇਸ ਮੌਕੇ ਜਗਤਾਰ ਸਿੰਘ ਫੈਜੁਲਾਪੁਰ, ਧਰਮ ਸਿੰਘ ਰਈਏਵਾਲ, ਜਸਪਾਲ ਸਿੰਘ, ਰਾਜੇਸ਼ ਕੁਮਾਰ ਅਮਲੋਹ, ਸਮਸ਼ੇਰ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ ਧਨੋਆ, ਜੋਸ਼ੀਲ ਤਿਵਾੜੀ, ਅਮਰਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ ਬਰਵਾਲੀ, ਸਤਿੰਦਰ ਸਿੰਘ, ਜਸਵੀਰ ਸਿੰਘ, ਰਾਜਿੰਦਰ ਸਿੰਘ ਰਾਜਨ, ਪ੍ਰੇਮਜੀਤ ਸਿੰਘ, ਰਣਵੀਰ ਬਡਾਲੀ , ਦਰਬਾਰਾ ਸਿੰਘ, ਅਮਨਦੀਪ ਸਿੰਘ, ਮਨਿੰਦਰਪਾਲ, ਕਮਲਜੀਤ ਜਲਾਲਪੁਰ, ਆਸ਼ੂਤੋਸ਼ ਧੀਮਾਨ ਆਦਿ ਆਗੂ ਹਾਜ਼ਰ ਸਨ।