ਅਕਾਲੀ ਦਲ ਨੂੰ ਵੱਡਾ ਝਟਕਾ, ਦਿੱਗਜ ਲੀਡਰ ਭਾਜਪਾ 'ਚ ਸ਼ਾਮਲ
ਚੰਡੀਗੜ੍ਹ: 27 ਜੁਲਾਈ 2021 - ਭਾਰਤੀ ਜਨਤਾ ਪਾਰਟੀ ਦਾ ਜਨਤਾ ‘ਚ ਵਧਿਆ ਜਨਾਧਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਅਤੇ ਲੋਕ-ਪੱਖੀ ਨੀਤੀਆਂ ਨੂੰ ਵੇਖਦਿਆਂ ਕਈ ਰਾਜਨੀਤਿਕ ਅਤੇ ਸਮਾਜਿਕ ਨੇਤਾ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ। ਸੂਬਾ ਭਾਜਪਾ ਹੈੱਡਕੁਆਰਟਰ, ਚੰਡੀਗੜ੍ਹ ਵਿਖੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਉਲੀਕੇ ਸਮਾਗਮ ਦੌਰਾਨ ਇਨ੍ਹਾਂ ਸਾਰੇ ਨੇਤਾਵਾਂ ਨੂੰ ਭਾਜਪਾ ਦੀ ਮੈਂਬਰਸ਼ਿਪ ਦਿੱਤੀ ਗਈ। ਅਸ਼ਵਨੀ ਸ਼ਰਮਾ ਨੇ ਸਾਰਿਆਂ ਦਾ ਸਿਰੋਪਾਓ ਦੇ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਕਰਵਾਇਆ ਅਤੇ ਸਵਾਗਤ ਕੀਤਾ। ਇਸ ਮੌਕੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਦਿਆਲ ਸਿੰਘ ਸੋਢੀ ਵੀ ਮੌਜੂਦ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਗੁਪਤਾ ਨੇ ਦੱਸਿਆ ਕਿ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਕਿਸਾਨ ਮੋਰਚਾ ਦੇ ਮੈਂਬਰ ਅਤੇ ਪ੍ਰਗਤੀਸ਼ੀਲ ਕਿਸਾਨ ਰਾਸ਼ਟਰੀ ਅਵਾਰਡੀ ਗੁਰਚਰਨ ਸਿੰਘ ਮਾਨ (ਬਠਿੰਡਾ), ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਦੇ ਮੀਤ ਪ੍ਰਧਾਨ ਅਤੇ ਫਰੀਦਕੋਟ ਖਪਤਕਾਰ ਗ੍ਰੈਵੀਨਸਿਸ ਸੈੱਲ ਫੂਡ ਸਪਲਾਈ ਫਰੀਦਕੋਟ ਦੇ ਸਾਬਕਾ ਮੈਂਬਰ ਬੂਟਾ ਸਿੰਘ, ਫਰੀਦਕੋਟ ਤੋਂ ਸਾਬਕਾ ਖੇਤਰੀ ਚੇਅਰਮੈਨ ਲਾਇਨਜ਼ ਕਲੱਬ ਅਤੇ ਉਘੇ ਸਮਾਜ ਸੇਵਕ ਐਡਵੋਕੇਟ ਰਣਜੀਤ ਸਿੰਘ ਅਤੇ ਸਮਾਜ ਸੇਵਕ ਡਾ: ਅਨਿਲ ਕਟਾਰੀਆ ਹਨ।
ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਨਵੇਂ ਸ਼ਾਮਿਲ ਹੋਏ ਕਾਰਜਕਰਤਾਵਾਂ ਨੂੰ ਜੀ ਆਈਆਂ ਕਹਿੰਦਿਆਂ ਕਿਹਾ ਕਿ ਇਹ ਸਾਰੇ ਲੋਕ ਭਾਜਪਾ ਦੀਆਂ ਕਿਸਾਨੀ ਪੱਖੀ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਹਨਾਂ ਸਾਰੀਆਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਨ-ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇਗਾ। ਇਹ ਸਭ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਆਪਣੇ-ਆਪਣੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਦੂਜੇ ਪਾਸੇ, ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉਪਰ ਸੰਗਠਨ ਵੱਲੋਂ ਜਤਾਏ ਗਏ ਭਰੋਸੇ ‘ਤੇ ਪੂਰਾ ਉਤਰਨ ਦਾ ਭਰੋਸਾ ਦਿੱਤਾ ਅਤੇ ਕੇਂਦਰ ਸਰਕਾਰ ਅਤੇ ਪਾਰਟੀ ਵਿਚਾਰਧਾਰਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪੁਹੁੰਚਾ ਕੇ ਸੰਗਠਨ ਨੂੰ ਹੋਰ ਮਜਬੂਤ ਕਰਨ ਦਾ ਵੀ ਭਰੋਸਾ ਦਿੱਤਾ।